ਭਾਰਤ-ਪਾਕਿ ਦੇ ਕਰਤਾਰਪੁਰ ਲਾਂਘੇ ਵਾਲੇ ਗੇਟ ਆਹਮੋ-ਸਾਹਮਣੇ ਹੋਣਗੇ


9868 ਵਰਗ ਫੁੱਟ ‘ਚ ਬਣੇਗਾ ਕਰਤਾਰਪੁਰ ਸਾਹਿਬ ਦਾ ਸਰੋਵਰ
ਬਟਾਲਾ/ਗੁਰਦਾਸਪੁਰ/ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਕੰਮ ਨੂੰ ਰਫ਼ਤਾਰ ਦੇਣ ਅਤੇ ਦੋਵਾਂ ਦੇਸ਼ਾਂ ‘ਚ ਲਾਂਘੇ ਨੂੰ ਇਕਸਾਰ ਰੱਖਣ ਲਈ ਮੰਗਲਵਾਰ ਨੂੰ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਦੇ ਤਕਨੀਕੀ ਮਾਹਿਰਾਂ ਦੀਆਂ ਟੀਮਾਂ ਦੀ ਅਹਿਮ ਮੀਟਿੰਗ ਹੋਈ। ਡੇਰਾ ਬਾਬਾ ਨਾਨਕ ਕੋਲ ਪੈਂਦੇ ਧੁੱਸੀ ਬੰਨ੍ਹ ਕੋਲ ਸਥਿਤ ਕੰਡਿਆਲੀ ਤਾਰ ਦੇ ਪਾਰ ‘ਜ਼ੀਰੋ ਲਾਈਨ’ ‘ਤੇ ਮੀਟਿੰਗ ਹੋਈ ਜੋ ਸਵੇਰੇ ਸਾਢੇ ਗਿਆਰਾਂ ਤੋਂ ਸ਼ਾਮ ਸਾਢੇ ਚਾਰ ਵਜੇ ਤੱਕ ਸੁਖਾਵੇਂ ਮਾਹੌਲ ‘ਚ ਚੱਲੀ। ਕੇਂਦਰ ਸਰਕਾਰ ਦੇ ਲੈਂਡ ਪੋਰਟ ਅਥਾਰਟੀ ਦੇ ਅਖਿਲ ਸਕਸੈਨਾ, ਨੈਸ਼ਨਲ ਹਾਈਵੇਅ ਅਥਾਰਟੀ ਦੇ ਪ੍ਰਾਜੈਕਟ ਡਾਇਰੈਕਟਰ ਯਸ਼ਪਾਲ ਅਤੇ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਦੇ ਐੱਸਈ ਐੱਨਆਰ ਗੋਇਲ ਅਤੇ ਡਰੇਨ ਵਿਭਾਗ ਦੇ ਐੱਸਈ ਮਨਜੀਤ ਸਿੰਘ ਸਮੇਤ ਹੋਰ ਅਧਿਕਾਰੀਆਂ ਨੇ ਇਸ ਮੀਟਿੰਗ ‘ਚ ਹਿੱਸਾ ਲਿਆ। ਭਾਰਤ ਵੱਲੋਂ ਲੈਂਡ ਪੋਰਟ ਅਥਾਰਟੀ ਦੇ ਉੱਚ ਅਧਿਕਾਰੀ ਅਖਿਲ ਸਕਸੈਨਾ ਸਮੇਤ ਹੋਰ ਅਧਿਕਾਰੀਆਂ ਨੇ ਅਤੇ ਪਾਕਿਸਤਾਨ ਤੋਂ ਆਏ ਅਧਿਕਾਰੀਆਂ ਨੇ ਮੀਟਿੰਗ ‘ਚ ਸ਼ਮੂਲੀਅਤ ਕੀਤੀ।
ਅਧਿਕਾਰੀਆਂ ਨੇ ਭਾਵੇਂ ਮੀਡੀਆ ਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਦਿੱਤਾ ਪਰ ਭਰੋਸੇਯੋਗ ਸੂਤਰ ਦੱਸਦੇ ਹਨ ਕਿ ਲਾਂਘੇ ਲਈ ਬਣਨ ਵਾਲੀ ਸੜਕ ਦੀ ਉਚਾਈ ਤੇ ਚੌੜਾਈ ਲਈ ਦੋਵਾਂ ਦੇਸ਼ਾਂ ਦੀਆਂ ਟੀਮਾਂ ਨੇ ਸਹਿਮਤੀ ਦਿੱਤੀ ਹੈ। ਦੋਵਾਂ ਦੇਸ਼ਾਂ ਦੀਆਂ ਟੀਮਾਂ ਨੇ ਉਸ ਜਗ੍ਹਾ ਦਾ ਜਾਇਜ਼ਾ ਵੀ ਲਿਆ ਹੈ, ਜਿੱਥੋਂ ਦੋਵਾਂ ਦੇਸ਼ਾਂ ਨੂੰ ਜੋੜਦੀ ਸੜਕ ਬਣੇਗੀ। ਡੇਰਾ ਬਾਬਾ ਨਾਨਕ ਕੋਲ ਕੌਮਾਂਤਰੀ ਸਰਹੱਦ ‘ਤੇ ਹੋਈ ਮੀਟਿੰਗ ਅਨੁਸਾਰ ਦੋਵਾਂ ਦੇਸ਼ਾਂ ਦੇ ਲਾਂਘੇ ਲਈ ਬਣਨ ਵਾਲੇ ਗੇਟ ਆਹਮੋ-ਸਾਹਮਣੇ ਹੋਣਗੇ। ਇਹ ਗੇਟ ਕੌਮਾਂਤਰੀ ਸੀਮਾ ‘ਤੇ ਬਣੇ ਦਰਸ਼ਨੀ ਸਥਲ ਨੇੜੇ ਹੀ ਬਣਨਗੇ। ਪਾਕਿਸਤਾਨੀ ਅਧਿਕਾਰੀਆਂ ਵੱਲੋਂ ਲਾਂਘੇ ਵਾਲੇ ਗੇਟ ਐਨ ਆਹਮੋ ਸਾਹਮਣੇ ਬਣਾਉਣ ਬਾਰੇ ਗੱਲ ਆਖੀ, ਦੱਸੀ ਗਈ ਹੈ। ਇੱਕ ਉੱਚ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਦਿਆਂ ਦੱਸਿਆ ਕਿ ਭਾਰਤ ਵਾਲੇ ਪਾਸੇ ਤੋਂ ਕੁਝ ਦਿਨਾਂ ‘ਚ ਲਾਂਘੇ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਹੋ ਰਿਹਾ ਹੈ। ਅਧਿਕਾਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜ਼ਮੀਨ ਮਾਲਕ ਕਿਸਾਨਾਂ ਦਾ ਮੁਆਵਜ਼ਾ ਸਥਾਨਕ ‘ਡੇਰਾ ਬਾਬਾ ਨਾਨਕ’ ਪ੍ਰਸਾਸ਼ਨ ਨੂੰ ਦੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਬੜੇ ਸੁਖਾਵੇਂ ਮਾਹੌਲ ਵਿੱਚ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ 50 ਏਕੜ ਜ਼ਮੀਨ ‘ਤੇ ਬਣਨ ਵਾਲੀ ਇੰਟੈਗਰੇਟਿਡ ਚੈੱਕ ਪੋਸਟ ਦਾ ਨਿਰਮਾਣ ਕੰਮ ਅੱਜ ਸ਼ੁਰੂ ਹੋ ਗਿਆ ਹੈ। ਮੀਟਿੰਗ ਤੋਂ ਪਹਿਲਾਂ ਭਾਰਤ ਵਾਲੇ ਪਾਸੇ ਦੋ ਜੇਸੀਬੀ ਮਸ਼ੀਨਾਂ ਨਾਲ ਲੱਖਾ ਸਿੰਘ ਕਾਹਲੋਂ ਨਾਂ ਦੇ ਇੱਕ ਕਿਸਾਨ ਦੇ ਖੇਤ ਨੂੰ ਸਾਫ਼ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਸੀ। ਇਹ ਜ਼ਮੀਨ ਲਾਂਘੇ ਵਾਲੀ ਥਾਂ ਲਈ ਐਕੁਆਇਰ ਕੀਤੀ ਗਈ ਹੈ।
ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਲੱਖਾ ਸਿੰਘ ਸਮੇਤ ਉਨ੍ਹਾਂ ਸਾਰਿਆਂ ਕਿਸਾਨਾਂ ਨੂੰ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ ਜਿਨ੍ਹਾਂ ਦੀ ਜ਼ਮੀਨ ਲਾਂਘੇ ਲਈ ਐਕੁਆਇਰ ਕੀਤੀ ਗਈ।
ਇਸ ਦੌਰਾਨ ਪਾਕਿਸਤਾਨ ਸਰਕਾਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦੇ ਚੱਲਦਿਆਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਸ੍ਰੀ ਕਰਤਾਰਪੁਰ ਸਾਹਿਬ) ਤੋਂ ਥੋੜ੍ਹੀ ਦੂਰੀ ‘ਤੇ ਬਣਾਏ ਜਾ ਰਹੇ ਸਰੋਵਰ ਦੇ ਨਿਰਮਾਣ ਦੀ ਜ਼ਿੰਮੇਵਾਰੀ ਲਾਹੌਰ ਦੀ ਵੇਵਜ਼ ਐਸੋਸੀਏਟ ਕੰਪਨੀ ਨੂੰ ਸੌਂਪੀ ਗਈ ਹੈ | 1996 ‘ਚ ਹੋਂਦ ਵਿਚ ਆਈ ਉਕਤ ਕੰਪਨੀ ਲਾਹੌਰ, ਮੁਲਤਾਨ, ਰਾਵਲਪਿੰਡੀ ਤੇ ਹੋਰਨਾਂ ਸ਼ਹਿਰਾਂ ‘ਚ ਕਈ ਉੱਚ-ਮਿਆਰੀ
ਸਵੀਮਿੰਗ ਪੂਲ ਅਤੇ ‘ਵਾਟਰ ਪਿਉਰੀਫਿਕੇਸ਼ਨ ਪਲਾਂਟ’ ਲਗਾ ਚੁੱਕੀ ਹੈ | ਉਕਤ ਕੰਪਨੀ ਦੇ ਪ੍ਰਬੰਧਕਾਂ ਅਨੁਸਾਰ 9868 ਵਰਗ ਫੁੱਟ ‘ਚ ਉਸਾਰੇ ਜਾਣ ਵਾਲੇ ਸਰੋਵਰ ਦੇ ਅੱਧੇ ਹਿੱਸੇ ‘ਚ ਪੁਰਸ਼ਾਂ ਅਤੇ ਬਾਕੀ ਰਹਿੰਦੇ ਹਿੱਸੇ ‘ਚ ਮਹਿਲਾਵਾਂ ਦੇ ਇਸ਼ਨਾਨ ਦਾ ਪ੍ਰਬੰਧ ਕੀਤਾ ਜਾਵੇਗਾ | ਸਰੋਵਰ ‘ਚ ਬਕਾਇਦਾ ਜਲ ਸਾਫ਼ ਰੱਖਣ ਵਾਲਾ ਪਲਾਂਟ ਵੀ ਲਗਾਇਆ ਜਾ ਰਿਹਾ ਹੈ | ਡਿਵੈਲਪਮੈਂਟ ਆਫ਼ ਕਰਤਾਰਪੁਰ ਕੋਰੀਡੋਰ ਪ੍ਰਾਜੈਕਟ ਅਧੀਨ ਕੀਤੀ ਜਾ ਰਹੀ ਉਸਾਰੀ ਦੇ ਚੱਲਦਿਆਂ ਅਗਸਤ ਮਹੀਨੇ ਦੇ ਅੰਤ ਤੱਕ ਸਰੋਵਰ ਦੀ ਉਸਾਰੀ ਮੁਕੰਮਲ ਕਰ ਲਈ ਜਾਵੇਗੀ | ਜਦਕਿ ਦਰਿਆ ਰਾਵੀ ‘ਤੇ ਪੁਲ ਦਾ ਨਿਰਮਾਣ 21 ਅਗਸਤ ਤੱਕ ਮੁਕੰਮਲ ਕੀਤਾ ਜਾਣਾ ਹੈ | ਇਸੇ ਪ੍ਰਕਾਰ ਸ੍ਰੀ ਕਰਤਾਰਪੁਰ ਲਾਂਘੇ ਲਈ ਗੁਰਦੁਆਰਾ ਸਾਹਿਬ ਤੋਂ ਭਾਰਤੀ ਬਾਰਡਰ ਟਰਮੀਨਲ ਤੱਕ ਬਣਾਈ ਜਾਣ ਵਾਲੀ ਸੜਕ ਦੀ ਉਸਾਰੀ ਦਾ ਕੰਮ 31 ਅਗਸਤ ਤੱਕ ਅਤੇ ਬਾਰਡਰ ਟਰਮੀਨਲ ਦੀ ਉਸਾਰੀ 31 ਜੁਲਾਈ ਤੱਕ ਮੁਕੰਮਲ ਕਰ ਲਈ ਜਾਵੇਗੀ | ਇਸ ਦੇ ਇਲਾਵਾ ਦਰਿਆ ਰਾਵੀ ‘ਚ ਆਉਣ ਵਾਲੇ ਹੜ੍ਹਾਂ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਪਾਣੀ ਤੋਂ ਸੁਰੱਖਿਆ ਲਈ ਦਰਿਆ ‘ਤੇ ਬੰਨ੍ਹ ਬਣਾਏ ਜਾਣ ਦਾ ਕੰਮ ਵੀ ਲਗਪਗ ਮੁਕੰਮਲ ਹੋ ਚੁੱਕਾ ਹੈ | ਉਸਾਰੀ ਕਰਵਾ ਰਹੀਆਂ ਕੰਪਨੀਆਂ ਵਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸਾਰੀ ਦੇ ਸਾਰੇ ਕੰਮ 31 ਅਗਸਤ ਤੱਕ ਮੁਕੰਮਲ ਕਰ ਲਏ ਜਾਣਗੇ ਤਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਭਾਰਤੀ ਸਿੱਖ ਸੰਗਤ ਬਿਨ੍ਹਾਂ ਕਿਸੇ ਰੁਕਾਵਟ ਦੇ ਗੁਰਦੁਆਰਾ ਸਾਹਿਬ ਪਹੁੰਚ ਕੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕੇ | ਉੱਧਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪਾਕਿ ਸਰਕਾਰ ਵਲੋਂ ਖਰੀਦੀ ਜਾਣ ਵਾਲੀ 1076 ਏਕੜ ਭੂਮੀ ‘ਚੋਂ 300 ਏਕੜ ‘ਚ ਵੱਖ-ਵੱਖ ਤਰ੍ਹਾਂ ਦੇ ਛਾਂਦਾਰ ਅਤੇ ਖ਼ੂਬਸੂਰਤ ਪੌਦੇ ਲਗਾਏ ਜਾਣਗੇ ਅਤੇ 100 ਏਕੜ ਭੂਮੀ ‘ਚ ਕਣਕ ਤੇ ਮੱਕੀ ਦੀ ਬਿਜਾਈ ਦੇ ਨਾਲ-ਨਾਲ ਝੋਨੇ ਦੀ ਪਨੀਰੀ ਅਤੇ ਮੌਸਮੀ ਸਬਜ਼ੀਆਂ ਬੀਜੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ 104 ਏਕੜ ਜ਼ਮੀਨ ‘ਤੇ ਅੱਜ ਵੀ ਜੈਵਿਕ ਖੇਤੀ ਕੀਤੀ ਜਾ ਰਹੀ ਹੈ | ਉਸਾਰੀ ਦੇ ਚੱਲਦਿਆਂ ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ਅਤੇ ਪੁਰਾਣੇ ਇਤਿਹਾਸਕ ਖੂਹਾਂ ਨਾਲ ਬਿਨ੍ਹਾ ਕੋਈ ਛੇੜ-ਛਾੜ ਕੀਤੇ ਸ਼ਰਧਾਲੂਆਂ ਦੇ ਲਈ ਬਣਾਏ ਜਾਣ ਵਾਲੇ ਸ਼ਾਪਿੰਗ ਮਾਲ, ਉਡੀਕ-ਘਰ, ਸਰਾਂ, ਲੰਗਰ ਭਵਨ, ਸਰੋਵਰ ਅਤੇ ਹੋਰ ਸਮਾਰਕਾਂ ਦਾ ਨਿਰਮਾਣ ਗੁਰਦੁਆਰਾ ਸਾਹਿਬ ਤੋਂ ਥੋੜ੍ਹੀ ਦੂਰੀ ‘ਤੇ ਕੀਤਾ ਜਾ ਰਿਹਾ ਹੈ|

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *