ਟਰੂਡੋ ਐਸਐਨਸੀ ਲੈਵੇਲਿਨ ਮਾਮਲੇ ਵਿਚ ਵਿਲਸਨ ਰੇਅਬੋਲਡ ਨੂੰ ਬੋਲਣ ਦੀ ਖੁੱਲ੍ਹ ਦੇਣ: ਐਂਡਰਿਊ ਸ਼ੀਅਰ


ਓਟਵਾ/ਕੰਜ਼ਰਵੇਟਿਵ ਆਗੀ ਐਂਡਰਿਊ ਸ਼ੀਅਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਬਕਾ ਅਟਾਰਨੀ ਜੋਡੀ ਵਿਲਸਨ-ਰੇਅਬੋਲਡ ਨੂੰ ਆਪਣੇ ਕੈਬਨਿਟ ਛੱਡਣ ਦੇ ਫੈਸਲੇ ਸੰਬੰਧੀ ਪੂਰਾ ਸੱਚ ਦੱਸਣ ਦੀ ਖੁੱਲ੍ਹ ਦੇਣ ਅਤੇ ਉਹਨਾਂ ਦੇ ਬੋਲਣ ਉੱਤੇ ਕਿਸੇ ਕਿਸਮ ਦੀ ਪਾਬੰਦੀ ਨਾ ਲਾਉਣ।
ਸ਼ੀਅਰ ਨੇ ਕਿਹਾ ਕਿ ਐਸਐਨਸੀ-ਲੈਵੇਲਿਨ ਵਿਵਾਦ ਨੇ ਟਰੂਡੋ ਦੇ ਦਫ਼ਤਰ ਅੰਦਰ ਨੈਤਿਕ ਅਤੇ ਇਖ਼ਲਾਕੀ ਕਦਰਾਂ ਕੀਮਤਾਂ ਦੇ ਸੰਕਟ ਦਾ ਪਰਦਾਫਾਸ਼ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਵਿਲਸਨ-ਰੇਅਬੋਲਡ ਦਾ ਸਮਰਥਨ ਕਰਨ ਲਈ ਇੱਕ ਆਨਲਾਇਨ ਮੁਹਿੰਮ ਸ਼ੁਰੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਜਸਟਿਸ ਟਰੂਡੋ ਨੂੰ ਰੇਅਬੋਲਡ ਨੂੰ ਆਪਣੀ ਗੱਲ ਖੁੱਲ੍ਹ ਕੇ ਕਹਿਣ ਦੀ ਅਜ਼ਾਦੀ ਦੇਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕਰ ਰਹੀ ਜਸਟਿਸ ਕਮੇਟੀ ਉੱਤੇ ਲਿਬਰਲ ਸਾਂਸਦਾਂ ਨੂੰ ਵਿਲਸਨ ਰੇਅਬੋਲਡ ਦਾ ਸਮਰਥਨ ਕਰਨ ਦੀ ਲੋੜ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਇਸ ਦਾ ਇਹੀ ਅਰਥ ਹੋਵੇਗਾ ਕਿ ਪ੍ਰਧਾਨ ਮੰਤਰੀ ਕੁੱੱਝ ਛੁਪਾਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਭਾਰੀ ਦਬਾਅ ਕਰਕੇ ਹੀ ਲਿਬਰਲ ਸਾਂਸਦਾਂ ਨੇ ਜਸਟਿਸ ਕਮੇਟੀ ਨੂੰ ਇਹ ਜਾਂਚ ਸ਼ੁਰੂ ਕਰਨ ਦੀ ਆਗਿਆ ਦਿੱਤੀ ਸੀ ਅਤੇ ਕੈਨੇਡਾ ਵਾਸੀਆਂ ਦੇ ਭਾਰੀ ਦਬਾਅ ਕਰਕੇ ਜਸਟਿਨ ਟਰੂਡੋ ਨੇ ਵਿਲਸਨ-ਰੇਅਬੋਲਡ ਨੂੰ ਬੋਲਣ ਦੀ ਅੰਸ਼ਿਕ ਮਨਜ਼ੂਰੀ ਦਿੱਤੀ ਸੀ।
ਸ਼ੀਅਰ ਨੇ ਅੱਗੇ ਦੱਸਿਆ ਕਿ ਸਾਨੂੰ ਉਮੀਦ ਹੈ ਕਿ ਇਸ ਮੁਹਿੰਮ ਦਾ ਵੀ ਉਹੀ ਅਸਰ ਹੋਵੇਗਾ ਅਤੇ ਇਹ ਦਬਾਅ ਜਸਟਿਨ ਟਰੂਡੋ ਨੂੰ ਵਿਲਸਨ ਨੂੰ ਗਵਾਹੀ ਦੇਣ ਦੀ ਆਗਿਆ ਦੇਣ ਵਾਸਤੇ ਮਜ਼ਬੂਰ ਕਰ ਦੇਵੇਗਾ।
ਵਿਲਸਨ ਰੇਅਬੋਲਡ ਨੇ ਆਪਣੀ ਪਿਛਲੀ ਗਵਾਹੀ ਮੌਕੇ ਜਸਟਿਸ ਕਮੇਟੀ ਨੂੰ ਦੱਸਿਆ ਸੀ ਕਿ ਉਸ ਉੱਤੇ ਇੰਜਨੀਅਰਿੰਗ ਕੰਪਨੀ ਖ਼ਿਲਾਫ ਲਿਬੀਆ ਵਿਚ ਠੇਕੇ ਲੈਣ ਲਈ ਰਿਸ਼ਵਤ ਦੇਣ ਅਤੇ ਧੋਖਾਧੜੀ ਕਰਨ ਦੇ ਦੋਸ਼ਾਂ ਤਹਿਤ ਕਾਰਵਾਈ ਨੂੰ ਰੋਕਣ ਲਈ ਬਹੁਤ ਜ਼ਿਆਦਾ ਦਬਾਅ ਪਾਇਆ ਗਿਆ ਸੀ।
ਪਿਛਲੇ ਹਫ਼ਤੇ ਟਰੂਡੋ ਦੇ ਸਾਬਕਾ ਮੁੱਖ ਸਕੱਤਰ ਗੈਰਾਲਡ ਬਟਸ ਨੇ ਗਵਾਹੀ ਦਿੱਤੀ ਸੀ ਕਿ ਉਹਨਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਕੋਈ ਵੀ ਗਲਤ ਕੰਮ ਨਹੀਂ ਕੀਤਾ ਗਿਆ ਹੈ। ਬਟਸ ਨੇ ਇਹ ਵੀ ਕਿਹਾ ਸੀ ਕਿ ਵਿਲਸਨ-ਰੇਅਬੋਲਡ ਨੇ ਤਦ ਤਕ ਐਸਐਨਸੀ-ਲੈਵੇਲਿਨ ਵਿਰੁੱਧ ਕਾਰਵਾਈ ਨੂੰ ਰੋਕਣ ਲਈ ਕਿਸੇ ਗੈਰਜਰੂਰੀ ਦਬਾਅ ਦੀ ਸ਼ਿਕਾਇਤ ਨਹੀਂ ਸੀ ਕੀਤੀ, ਜਦ ਤਕ ਟਰੂਡੋ ਨੇ ਉਸ ਕੋਲੋਂ ਨਿਆਂ ਮੰਤਰੀ ਦਾ ਅਹੁਦਾ ਵਾਪਸ ਨਹੀਂ ਸੀ ਲਿਆ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *