ਚੀਨ ਨੇ ਚੌਥੀ ਵਾਰ ਮਸੂਦ ਨੂੰ ਆਲਮੀ ਦਹਿਸ਼ਤਗਰਦ ਐਲਾਨਣ ਦਾ ਮਤਾ ਰੋਕਿਆ


ਫਰਾਂਸ, ਬਰਤਾਨੀਆ ਤੇ ਅਮਰੀਕਾ ਨੇ ਲਿਆਂਦਾ ਸੀ ਮਤਾ
ਸੰਯੁਕਤ ਰਾਸ਼ਟਰ/ਪੇਈਚਿੰਗ/ਚੀਨ ਵਲੋਂ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਐਲਾਨਣ ਦਾ ਮਤਾ ਵੀਟੋ ਕਰ ਦੇਣ ਨਾਲ ਭਾਰਤ ਦੀ ਮੁਹਿੰਮ ਨੂੰ ਇਕ ਵਾਰ ਫਿਰ ਝਟਕਾ ਵੱਜਿਆ ਹੈ। ਅਜ਼ਹਰ ਨੂੰ ਸੰਯੁਕਤ ਰਾਸ਼ਟਰ ਦੀ ਸਲਾਮਤੀ ਕੌਂਸਲ ਦੀ ਅਲ ਕਾਇਦਾ ਸੈਂਕਸ਼ਨਜ਼ ਕਮੇਟੀ ਦੇ ਮਤਾ ਨੰਬਰ 1267 ਤਹਿਤ ਲਿਆਉਣ ਲਈ ਫਰਾਂਸ, ਬਰਤਾਨੀਆ ਤੇ ਅਮਰੀਕਾ ਵਲੋਂ 27 ਫਰਵਰੀ ਨੂੰ ਮਤਾ ਪੇਸ਼ ਕੀਤਾ ਗਿਆ ਸੀ। ਚੀਨ ਨੇ ਇਸ ਪ੍ਰਸਤਾਵ ਸਬੰਧੀ ਹੋਰ ਨਿਰਖ ਪਰਖ ਕਰਨ ਲਈ ਹੋਰ ਸਮਾਂ ਮੰਗਿਆ ਹੈ। ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਇਸ ਬਾਰੇ ਨਿਰਾਸ਼ਾ ਦਾ ਇਜ਼ਹਾਰ ਕੀਤਾ ਹੈ। ਇਸ ਤੋਂ ਪਹਿਲਾਂ ਹੀ ਚੀਨ ਨੇ ਸੰਕੇਤ ਦੇ ਦਿੱਤਾ ਸੀ ਕਿ ਉਹ ਇਕ ਵਾਰ ਫਿਰ ਇਸ ਤਜਵੀਜ਼ ਨੂੰ ਡੱਕ ਸਕਦਾ ਹੈ। ਚੀਨ ਨੇ ਕਿਹਾ ਕਿ ਇਸ ਮੁੱਦੇ ਦੇ ਹੱਲ ਲਈ ਕੋਈ ਅਜਿਹਾ ਰਾਹ ਅਖ਼ਤਿਆਰ ਕੀਤਾ ਜਾਵੇ, ਜੋ ਸਾਰੀਆਂ ਧਿਰਾਂ ਨੂੰ ਮਨਜ਼ੂਰ ਹੋਵੇ। ਦੱਸਣਾ ਬਣਦਾ ਹੈ ਕਿ ਚੀਨ ਇਸ ਤੋਂ ਪਹਿਲਾਂ ਤਿੰਨ ਵਾਰ ਜੈਸ਼ ਮੁਖੀ ਨੂੰ ਦਹਿਸ਼ਤਗਰਦ ਐਲਾਨੇ ਜਾਣ ਸਬੰਧੀ ਤਜਵੀਜ਼ ਨੂੰ ਆਪਣੀ ਵੀਟੋ ਤਾਕਤ ਦੇ ਸਿਰ ‘ਤੇ ਰੱਦ ਕਰ ਚੁੱਕਾ ਹੈ। ਸਲਾਮਤੀ ਕੌਂਸਲ ਨੂੰ ਕਿਸੇ ਫ਼ੈਸਲੇ ‘ਤੇ ਅੱਪੜਨ ਲਈ ਆਪਣੇ ਪੰਜ ਸਥਾਈ ਮੈਂਬਰਾਂ ਦਰਮਿਆਨ ਸਹਿਮਤੀ ਬਣਾਉਣੀ ਜ਼ਰੂਰੀ ਹੈ।
ਅਲ ਕਾਇਦਾ ਸੈਂਕਸ਼ਨਜ਼ ਕਮੇਟੀ ਦੇ ਸੂਚੀਬੱਧ ਨੇਮਾਂ ਮੁਤਾਬਕ ਜੇਕਰ ਮਿੱਥੀ ਮਿਆਦ ਅੰਦਰ ਤਜਵੀਜ਼ ਸਬੰਧੀ ਕੋਈ ਉਜਰ/ਇਤਰਾਜ਼ ਨਾ ਮਿਲਿਆ ਤਾਂ ਇਸ ਫੈਸਲੇ ਨੂੰ ਸਰਬਸੰਮਤੀ ਨਾਲ ਲਾਗੂ ਹੋਇਆ ਮੰਨ ਲਿਆ ਜਾਵੇਗਾ, ਜਿਸ ਤੋਂ ਭਾਵ ਹੈ ਕਿ ਅਜ਼ਹਰ, ਯੂਐਨ ਵੱਲੋਂ ਐਲਾਨਿਆ ਆਲਮੀ ਦਹਿਸ਼ਤਗਰਦ ਬਣ ਜਾਵੇਗਾ। ਉਂਜ ਪਿਛਲੇ ਦਸ ਸਾਲਾਂ ਵਿੱਚ ਇਹ ਚੌਥੀ ਵਾਰ ਹੈ ਜਦੋਂ ਅਜ਼ਹਰ ਨੂੰ ਆਲਮੀ ਦਹਿਸ਼ਗਰਦ ਵਜੋਂ ਸੂਚੀਬੱਧ ਕੀਤੇ ਜਾਣ ਲਈ ਯੂਐੱਨ ਵਿੱਚ ਤਜਵੀਜ਼ ਰੱਖੀ ਗਈ ਹੈ। ਸਾਲ 2009 ਵਿੱਚ ਭਾਰਤ ਨੇ ਆਪਣੇ ਦਮ ‘ਤੇ ਮਸੂਦ ਬਾਰੇ ਅਜਿਹੀ ਤਜਵੀਜ਼ ਯੂਐਨ ਵਿੱਚ ਰੱਖੀ ਸੀ। ਸਾਲ 2016 ਵਿੱਚ ਭਾਰਤ ਨੇ ਪਠਾਨਕੋਟ ਏਅਰਬੇਸ ਹਮਲੇ ਮਗਰੋਂ ਪੀ3 ਮੁਲਕਾਂ- ਅਮਰੀਕਾ, ਯੂਕੇ ਤੇ ਫਰਾਂਸ ਨਾਲ ਮਿਲ ਕੇ ਯੂਐਨ ਦੀ 1267 ਸੈਂਕਸ਼ਨਜ਼ ਕਮੇਟੀ ਅੱਗੇ ਮੁੜ ਇਹੀ ਤਜਵੀਜ਼ ਰੱਖੀ। ਸਾਲ 2017 ਵਿੱਚ ਪੀ3 ਮੁਲਕਾਂ ਨੇ ਫਿਰ ਤੋਂ ਇਹ ਤਜਵੀਜ਼ ਪੇਸ਼ ਕੀਤੀ, ਪਰ ਸੁਰੱਖਿਆ ਕੌਂਸਲ ਦੇ ਸਥਾਈ ਮੈਂਬਰ ਚੀਨ, ਜਿਸ ਕੋਲ ਵੀਟੋ ਤਾਕਤਾਂ ਮੌਜੂਦ ਹਨ, ਨੇ ਹਰ ਵਾਰ ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ।
ਉਧਰ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲੂ ਕਾਂਗ ਨੇ ਇਸ਼ਾਰਾ ਕੀਤਾ ਹੈ ਕਿ ਉਹ ਜੈਸ਼ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਐਲਾਨੇ ਜਾਣ ਸਬੰਧੀ ਤਜਵੀਜ਼ ਵਿੱਚ ਮੁੜ ਅੜਿੱਕਾ ਬਣ ਸਕਦਾ ਹੈ। ਕਾਂਗ ਨੇ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਦੌਰਾਨ ਕਿਹਾ, ‘ਮੈਂ ਇਹ ਗੱਲ ਦੁਹਰਾਉਂਦਾ ਹਾਂ ਕਿ ਚੀਨ ਇਸ ਮਾਮਲੇ ਵਿੱਚ ਜ਼ਿੰਮੇਵਾਰੀ ਵਾਲਾ ਰਵੱਈਆ ਅਖ਼ਤਿਆਰ ਕਰੇਗਾ ਤੇ ਯੂਐਨ ਦੀ 1267 ਸੈਂਕਸ਼ਨਜ਼ ਕਮੇਟੀ ਵਿੱਚ ਹੋਣ ਵਾਲੀ ਵਿਚਾਰ ਚਰਚਾ ਵਿੱਚ ਸ਼ਿਰਕਤ ਕਰੇਗਾ।’
ਪੁਲਵਾਮਾ ਦਹਿਸ਼ਤੀ ਹਮਲੇ ਮਗਰੋਂ ਭਾਰਤ ਇਸ ਵਿਚ ਜੈਸ਼-ਏ-ਮੁਹੰਮਦ ਦੀ ਸ਼ਮੂਲੀਅਤ ਸਬੰਧੀ ਇਕ ਮਿਸਲ ਪਾਕਿਸਤਾਨ ਨੂੰ ਪਹਿਲਾਂ ਹੀ ਸੌਂਪ ਚੁੱਕਾ ਹੈ। ਵਿਦੇਸ਼ ਸਕੱਤਰ ਵਿਜੈ ਗੋਖਲੇ ਅਜ਼ਹਰ ਦੇ ਮੁੱਦੇ ‘ਤੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨਾਲ ਦੋ ਦਿਨ ਪਹਿਲਾਂ ਮੁਲਾਕਾਤ ਕਰ ਚੁੱਕੇ ਹਨ। ਅਮਰੀਕੀ ਵਿਦੇਸ਼ ਵਿਭਾਗ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਅਤਿਵਾਦ ਖਿਲਾਫ਼ ਲੜਾਈ ਵਿੱਚ ਅਮਰੀਕਾ, ਭਾਰਤ ਸਰਕਾਰ ਤੇ ਲੋਕਾਂ ਨਾਲ ਖੜ੍ਹਾ ਹੈ।
ਪਹਿਲਾਂ ਅਮਰੀਕਾ ਨੇ ਚੀਨ ਨੂੰ ਕਿਹਾ ਸੀ ਕਿ ਜੇਕਰ ਉਹ ਜੈਸ਼ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਐਲਾਨਣ ਵਿੱਚ ਨਾਕਾਮ ਰਹਿੰਦੇ ਹਨ ਤਾਂ ਇਹ ਖਿੱਤੇ ਵਿੱਚ ਸਥਿਰਤਾ ਤੇ ਅਮਨ ਬਹਾਲੀ ਨਾਲ ਜੁੜੇ ਵਾਸ਼ਿੰਗਟਨ ਤੇ ਪੇਈਚਿੰਗ ਦੇ ਹਿਤਾਂ ਖ਼ਿਲਾਫ਼ ਹੋਵੇਗਾ। ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਰੌਬਰਟ ਪੈਲਾਡੀਨੋ ਨੇ ਸਾਫ਼ ਕੀਤਾ ਸੀ ਕਿ ਪਾਕਿਸਤਾਨ ਆਧਾਰਿਤ ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਦਾ ਬਾਨੀ ਤੇ ਮੁਖੀ ਮਸੂਦ ਅਜ਼ਹਰ ‘ਆਲਮੀ ਦਹਿਸ਼ਤਗਰਦ’ ਕਰਾਰ ਦਿੱਤੇ ਜਾਣ ਨਾਲ ਸਬੰਧਤ ਸਾਰੇ ਮਾਪਦੰਡਾਂ ਨੂੰ ਪੂਰਾ ਕਰਦਾ ਹੈ, ਪਰ ਚੀਨ ਨੇ ਇਸ ਗੱਲ ਨੂੰ ਬਹੁਤਾ ਨਹੀਂ ਗੌਲਿਆ।
ਇਸ ਦੌਰਾਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਪਾਕਿਸਤਾਨ ਨਾਲ ਓਨੀ ਦੇਰ ਕੋਈ ਗੱਲਬਾਤ ਨਹੀਂ ਹੋ ਸਕਦੀ ਜਦੋਂ ਤਕ ਗੁਆਂਢੀ ਮੁਲਕ ਆਪਣੀ ਧਰਤੀ ‘ਤੇ ਸਰਗਰਮ ਦਹਿਸ਼ਤੀ ਜਥੇਬੰਦੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦਾ। ਸ੍ਰੀਮਤੀ ਸਵਰਾਜ ਨੇ ਦੁਹਰਾਇਆ ਕਿ ‘ਗੱਲਬਾਤ ਤੇ ਦਹਿਸ਼ਤ ਨਾਲੋ ਨਾਲ ਨਹੀਂ ਚੱਲ ਸਕਦੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਗੁਆਂਢੀ ਮੁਲਕ ਨਾਲ ਤਲਖੀ ਨੂੰ ਘਟਾਉਣ ਦਾ ਖ਼ਾਹਿਸ਼ਮੰਦ ਹੈ। ‘ਇੰਡੀਆ’ਜ਼ ਵਰਲਡ: ਮੋਦੀ ਗਵਰਨਮੈਂਟ’ਜ਼ ਫੌਰੇਨ ਪਾਲਿਸੀ’ ਬਾਰੇ ਗੱਲ ਕਰਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੂੰ ਚਾਹੀਦਾ ਹੈ ਕਿ ਪਹਿਲਾਂ ਉਹ ਆਈਐਸਆਈ ਤੇ ਆਪਣੀ ਫ਼ੌਜ ਨੂੰ ਕੰਟਰੋਲ ਕਰੇ, ਜੋ ਦੁਵੱਲੇ ਰਿਸ਼ਤਿਆਂ ਨੂੰ ਤਬਾਹ ਕਰਨ ਦੇ ਰਾਹ ਪਏ ਹੋਏ ਹਨ। ਉਨ੍ਹਾਂ ਕਿਹਾ, ‘ਜੇਕਰ ਇਮਰਾਨ ਖ਼ਾਨ (ਪਾਕਿਸਤਾਨੀ ਪ੍ਰਧਾਨ ਮੰਤਰੀ) ਇੰਨੇ ਹੀ ਉਦਾਰ ਹਨ ਤਾਂ ਉਨ੍ਹਾਂ ਨੂੰ ਮਸੂਦ ਅਜ਼ਹਰ ਸਾਡੇ ਹਵਾਲੇ ਕਰ ਦੇਣਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਭਾਰਤ ਦੇ ਪਾਕਿਸਤਾਨ ਨਾਲ ਰਿਸ਼ਤੇ ਸੁਖਾਵੇਂ ਹੋ ਸਕਦੇ ਹਨ ਬਸ਼ਰਤੇ ਗੁਆਂਢੀ ਮੁਲਕ ਆਪਣੀ ਸਰਜ਼ਮੀਨ ‘ਤੇ ਸਰਗਰਮ ਦਹਿਸ਼ਤੀ ਜਥੇਬੰਦੀਆਂ ਖ਼ਿਲਾਫ਼ ਕਾਰਵਾਈ ਕਰੇ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *