ਖਹਿਰਾ ਗਰੁੱਪ ਨੇ ਪਰਮਜੀਤ ਕੌਰ ਖਾਲੜਾ ਨੂੰ ਮੈਦਾਨ ‘ਚ ਉਤਾਰਿਆ
ਤਰਨ ਤਾਰਨ/ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਾਲੇ ਪੰਜਾਬ ਡੈਮੋਕਰੈਟਿਕ ਅਲਾਇੰਸ ਵਲੋਂ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਮਨੁੱਖੀ ਹੱਕਾਂ ਲਈ ਕੁਰਬਾਨੀ ਦੇਣ ਵਾਲੇ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੂੰ ਚੋਣ ਮੈਦਾਨ ਵਿਚ ਉਤਾਰਨ ਨਾਲ ਇਸ ਹਲਕੇ ਤੋਂ ਮੁਕਾਬਲਾ ਦਿਲਚਸਪ ਬਣ ਜਾਣ ਦੀ ਉਮੀਦ ਹੈ। ਇਸ ਨਾਲ ਸੂਬੇ ਅੰਦਰ ਲੰਬਾ ਸਮਾਂ ਮਨੁੱਖੀ ਹੱਕਾਂ ਦੀ ਉਲੰਘਣਾ ਦਾ ਭਖਦਾ ਮੁੱਦਾ ਇਕ ਵਾਰ ਫਿਰ ਤੋਂ ਚਰਚਾ ਵਿਚ ਆ ਜਾਵੇਗਾ|
ਜ਼ਿਕਰਯੋਗ ਹੈ ਕਿ ਜਸਵੰਤ ਸਿੰਘ ਖਾਲੜਾ ਨੂੰ ਸਤੰਬਰ 1995 ਨੂੰ ਤਰਨ ਤਾਰਨ ਦੀ ਪੁਲੀਸ ਨੇ ਅੰਮ੍ਰਿਤਸਰ ਸਥਿਤ ਉਸ ਦੀ ਕਬੀਰ ਪਾਰਕ ਰਿਹਾਇਸ਼ ਤੋਂ ਚੁੱਕ ਲਿਆ ਸੀ ਜਿਸ ਪਿੱਛੋਂ ਉਨ੍ਹਾਂ ਦਾ ਕੋਈ ਥਹੁ ਪਤਾ ਨਹੀਂ ਸੀ ਲੱਗਿਆ| ਇਸ ਘਟਨਾ ਤੋਂ ਕੁਝ ਮਹੀਨੇ ਪਹਿਲਾਂ ਹੀ ਸ੍ਰੀ ਖਾਲੜਾ ਕੈਨੇਡਾ ਦੀ ਪਾਰਲੀਮੈਂਟ ਸਣੇ ਹੋਰਨਾਂ ਦੇਸ਼ਾਂ ਅੰਦਰ ਜਾ ਕੇ ਸਭਾਵਾਂ ਨੂੰ ਸੰਬੋਧਨ ਕਰਕੇ ਵਾਪਸ ਆਏ ਸਨ। ਉਨ੍ਹਾਂ ਨੇ ਸੂਬੇ ਅੰਦਰ ਅਤਿਵਾਦ ਨਾਲ ਨਿਪਟਣ ਦੀ ਓਟ ਹੇਠ ਲੰਬੇ ਸਮੇਂ ਤੋਂ ਮਨੁੱਖੀ ਹੱਕਾਂ ਦੀ ਉਲੰਘਣਾ ਹੋਣ ਅਤੇ ਸੁਰੱਖਿਆ ਬਲਾਂ ਵਲੋਂ ਨੌਜਵਾਨਾਂ ਨੂੰ ਮੁਕਾਬਲਿਆਂ ਵਿਚ ਮਾਰ ਮੁਕਾਉਣ ਉਪਰੰਤ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਆਖ ਕੇ ਉਨ੍ਹਾਂ ਦਾ ਸਸਕਾਰ ਕਰ ਦੇਣ ਦੀਆਂ ਘਟਨਾਵਾਂ ਦਾ ਉਚੇਚਾ ਜ਼ਿਕਰ ਕੀਤਾ ਸੀ| ਦੇਸ਼ ਵਾਪਸ ਆਉਣ ‘ਤੇ ਸ੍ਰੀ ਖਾਲੜਾ ਵਲੋਂ ਕੌਮਾਂਤਰੀ ਪੱਧਰ ‘ਤੇ ਉਠਾਏ ਇਸ ਮੁੱਦੇ ‘ਤੇ ਪੰਜਾਬ ਦੇ ਉਸ ਵੇਲੇ ਦੇ ਡੀਜੀਪੀ ਕੇ ਪੀ ਐੱਸ ਗਿੱਲ ਨੇ ਕਿੰਤੂ ਕੀਤਾ ਸੀ ਜਿਸ ਦੇ ਜਵਾਬ ਵਿਚ ਉਨ੍ਹਾਂ ਸ੍ਰੀ ਗਿੱਲ ਨੂੰ ਆਹਮੋ-ਸਾਹਮਣੇ ਬਹਿਸ ਕਰਨ ਦੀ ਖੁੱਲ੍ਹੀ ਚੁਣੌਤੀ ਦਿੱਤੀ ਸੀ| ਮਰਹੂਮ ਖਾਲੜਾ ਦਾਅਵਾ ਕਰਦੇ ਸਨ ਕਿ ਸੂਬੇ ਅੰਦਰ ਅਤਿਵਾਦ ਨਾਲ ਨਿਪਟਣ ਲਈ 25,000 ਨੌਜਵਾਨਾਂ ਨੂੰ ਕਥਿਤ ਝੂਠੇ ਮੁਕਾਬਲਿਆਂ ਵਿਚ ਮਾਰ ਮੁਕਾਇਆ ਗਿਆ ਹੈ| ਉਹ ਇਲਾਕੇ ਅੰਦਰ 2000 ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲਾਵਾਰਸ ਦੱਸ ਕੇ ਉਨ੍ਹਾਂ ਦਾ ਵੱਖ ਵੱਖ ਸਮਸ਼ਾਨਘਾਟਾਂ ਵਿਚ ਸਸਕਾਰ ਕੀਤੇ ਜਾਣ ਦਾ ਵੀ ਦਾਅਵਾ ਕਰਦੇ ਸਨ| ਬੀਬੀ ਖਾਲੜਾ ਵਲੋਂ ਆਪਣੇ ਪਤੀ ਵਲੋਂ ਉਠਾਏ ਮੁੱਦੇ ‘ਤੇ ਪਹਿਰਾ ਦੇਣ ਲਈ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨਾਂ ਦੀ ਸੰਸਥਾ ਦਾ ਗਠਨ ਕੀਤਾ ਹੋਇਆ ਹੈ| ਉਹ ਇਸ ਮੁੱਦੇ ਨੂੰ ਲੈ ਕੇ ਸਰਗਰਮੀਆਂ ਕਰਦੇ ਆ ਰਹੇ ਹਨ| ਉਨ੍ਹਾਂ ਕਿਹਾ ਕਿ ਉਹ ਆਪਣੀ ਚੋਣ ਮੁਹਿੰਮ ਦੌਰਾਨ ਇਸ ਮੁੱਦੇ ਨੂੰ ਹੋਰ ਵੀ ਅਹਿਮ ਮੁੱਦੇ ਦੇ ਤੌਰ ‘ਤੇ ਪੇਸ਼ ਕਰਨਗੇ|

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *