ਨੀਰਵ ਮੋਦੀ ਨੇ ਲੰਡਨ ‘ਚ ਨਵਾਂ ਕਾਰੋਬਾਰ ਸ਼ੁਰੂ ਕੀਤਾ


ਅੱਸੀ ਲੱਖ ਪੌਂਡ ਦੇ ਫਲੈਟ ‘ਚ ਰਹਿ ਰਿਹਾ ਹੈ ਭਗੌੜਾ ਹੀਰਾ ਕਾਰੋਬਾਰੀ
ਹਵਾਲਗੀ ਬਾਰੇ ਅਰਜ਼ੀ ਯੂਕੇ ਦੇ ਗ੍ਰਹਿ ਮੰਤਰਾਲੇ ਨੇ ਅਦਾਲਤ ਨੂੰ ਸੌਂਪੀ
ਲੰਡਨ/ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਵਿਚ ਹੋਏ 13,500 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਭਾਰਤ ‘ਚ ‘ਵਾਂਟੇਡ’ ਤੇ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਇੰਗਲੈਂਡ ਵਿਚ ਸ਼ਾਨੋ-ਸ਼ੌਕਤ ਦੀ ਜ਼ਿੰਦਗੀ ਬਸਰ ਕਰ ਰਿਹਾ ਹੈ। ਉਹ ਲੰਡਨ ਦੇ ਰੱਜੇ-ਪੁੱਜੇ ਪੱਛਮੀ ਇਲਾਕੇ ‘ਚ ਅੱਸੀ ਲੱਖ ਪੌਂਡ ਦੇ ਅਪਾਰਟਮੈਂਟ ਵਿਚ ਰਹਿ ਰਿਹਾ ਹੈ ਤੇ ਉਸ ਨੂੰ ਆਮ ਘੁੰਮਦੇ-ਫਿਰਦੇ ਦੇਖਿਆ ਜਾ ਸਕਦਾ ਹੈ। ਇਸ ਤੋਂ ਵੀ ਵੱਧ ਅਪਾਰਟਮੈਂਟ ਦੇ ਲਾਗੇ ਹੀ ਨੀਰਵ ਨੇ ਹੀਰਿਆਂ ਦਾ ਨਵਾਂ ਕਾਰੋਬਾਰ ਸ਼ੁਰੂ ਕਰ ਦਿੱਤਾ ਹੈ। ਯੂਕੇ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ 48 ਸਾਲਾ ਮੋਦੀ ਨੂੰ ਮਸ਼ਹੂਰ ਸੈਂਟਰ ਪੁਆਇੰਟ ਟਾਵਰ ਬਲਾਕ ਵਿਚ ਤਿੰਨ ਕਮਰਿਆਂ ਵਾਲੇ ਫਲੈਟ ਵਿਚ ਦੇਖਿਆ ਗਿਆ ਹੈ। ਇਸ ਲਗਜ਼ਰੀ ਅਪਾਰਟਮੈਂਟ (ਫਲੈਟ) ਦਾ ਕਿਰਾਇਆ ਪ੍ਰਤੀ ਮਹੀਨਾ ਕਰੀਬ 17,000 ਪੌਂਡ ਹੈ। ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਨੇ ਅਗਸਤ 2018 ਵਿਚ ਸਪੱਸ਼ਟ ਕੀਤਾ ਸੀ ਕਿ ਭਾਰਤ ਨੇ ਮੋਦੀ ਦੀ ਹਵਾਲਗੀ ਸਬੰਧੀ ਦਸਤਾਵੇਜ਼ ਯੂਕੇ ਸਰਕਾਰ ਨੂੰ ਸੌਂਪ ਦਿੱਤੇ ਹਨ ਤੇ ਉਸ ਵੇਲੇ ਤੋਂ ਹੀ ਬਰਤਾਨਵੀ ਸਰਕਾਰ ਨੇ ਉਸ ‘ਤੇ ਨਜ਼ਰ ਰੱਖੀ ਹੋਈ ਹੈ। ਯੂਕੇ ਦੇ ਗ੍ਰਹਿ ਮੰਤਰਾਲੇ ਨੇ ‘ਨਿੱਜੀ ਕੇਸਾਂ’ ਉੱਤੇ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਹਵਾਲਗੀ ਪ੍ਰਕਿਰਿਆ ਵਾਰੰਟ ਜਾਰੀ ਹੋਣ ‘ਤੇ ਹੋ ਸਕਦੀ ਹੈ, ਜਿਵੇਂ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਕੇਸ ਵਿਚ ਹੋਇਆ ਸੀ। ਜ਼ਿਕਰਯੋਗ ਹੈ ਕਿ ਨੀਰਵ ਦੇ ਡਿਜ਼ਾਈਨਰ ਗਹਿਣੇ ਹੌਲੀਵੁੱਡ ਸਟਾਰ ਪਹਿਨਦੇ ਰਹੇ ਹਨ। ਰਿਪੋਰਟ ਮੁਤਾਬਕ ਹੀਰਾ ਕਾਰੋਬਾਰੀ ਨੂੰ ਯੂਕੇ ਦੀ ਅਥਾਰਿਟੀ ਵੱਲੋਂ ਕੌਮੀ ਬੀਮਾ ਨੰਬਰ ਜਾਰੀ ਕੀਤਾ ਗਿਆ ਹੈ ਤੇ ਉਹ ਕਾਨੂੰਨੀ ਤੌਰ ‘ਤੇ ਕੰਮ ਕਰ ਸਕਦਾ ਹੈ। ਹਾਲਾਂਕਿ ਉਸ ਖ਼ਿਲਾਫ਼ ਇੰਟਰਪੋਲ ਰੈੱਡ ਕਾਰਨਰ ਨੋਟਿਸ ਵੀ ਜਾਰੀ ਕਰ ਚੁੱਕੀ ਹੈ।
ਇਸ ਦੌਰਾਨ ਈਡੀ ਵੱਲੋਂ ਨੀਰਵ ਮੋਦੀ ਦੀ ਹਵਾਲਗੀ ਲਈ ਪਾਈ ਅਰਜ਼ੀ ਨੂੰ ਯੂਕੇ ਦੇ ਗ੍ਰਹਿ ਮੰਤਰਾਲੇ ਨੇ ਕਾਨੂੰਨੀ ਕਾਰਵਾਈ ਆਰੰਭਣ ਲਈ ਅਦਾਲਤ ਨੂੰ ਸੌਂਪ ਦਿੱਤਾ ਹੈ। ਇਹ ਅਰਜ਼ੀ ਜੁਲਾਈ 2018 ਵਿਚ ਪਾਈ ਗਈ ਸੀ। ਯੂਕੇ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਹਵਾਲਗੀ ਬਾਰੇ ਅਰਜ਼ੀ ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ਨੂੰ ਸੌਂਪ ਦਿੱਤੀ ਗਈ ਹੈ। ਜਲਦੀ ਹੀ ਈਡੀ ਤੇ ਸੀਬੀਆਈ ਦੀ ਇਕ ਟੀਮ ਵੀ ਯੂਕੇ ਦਾ ਦੌਰਾ ਕਰ ਸਕਦੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਮੁਲਕ ਵਾਪਸ ਲਿਆ ਕੇ ਕਾਨੂੰਨੀ ਘੇਰੇ ‘ਚ ਲਿਆਉਣ ਦਾ ਪੂਰਾ ਯਤਨ ਕਰ ਰਹੀ ਹੈ। ਸੀਬੀਆਈ ਨੇ ਕਿਹਾ ਹੈ ਕਿ ਨੀਰਵ ਮੋਦੀ ਦੀ ਹਵਾਲਗੀ ਸੰਭਵ ਬਣਾਉਣ ਲਈ ਯੂਕੇ ਦੀ ਅਥਾਰਿਟੀ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ। ਸੀਬੀਆਈ ਨੇ ਯੂਕੇ ਨੂੰ ਵਿਦੇਸ਼ ਮੰਤਰਾਲੇ ਰਾਹੀਂ ਨੀਰਵ ਦੀ ਹਵਾਲਗੀ ਲਈ ਲੰਘੇ ਵਰ੍ਹੇ ਅਗਸਤ 2018 ਵਿਚ ਬੇਨਤੀ ਕੀਤੀ ਸੀ ਤੇ ਏਜੰਸੀ ਉਸ ਦਾ ਜਵਾਬ ਉਡੀਕ ਰਹੀ ਹੈ। ਹਾਲਾਂਕਿ ਯੂਕੇ ਨੇ ਰੈੱਡ ਕਾਰਨਰ ਨੋਟਿਸ ਦਾ ਜਵਾਬ ਦਿੱਤਾ ਸੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *