ਇਥੋਪੀਆ ਵਿਚ ਹਵਾਈ ਜਹਾਜ਼ ਡਿੱਗਣ ਨਾਲ 157 ਮੌਤਾਂ

ਅਡੀਸ ਅਬਾਬਾ (ਇਥੋਪੀਆ)/ਇਥੋਪੀਅਨ ਏਅਰਲਾਈਨਜ਼ ਦਾ ਬੋਇੰਗ 737-8 ਮੈਕਸ ਜਹਾਜ਼ ਉਡਾਣ ਭਰਨ ਤੋਂ ਕੁਝ ਹੀ ਪਲਾਂ ਬਾਅਦ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਜਹਾਜ਼ ਵਿੱਚ ਸਫ਼ਰ ਕਰ ਰਹੇ 157 ਲੋਕ ਮਾਰੇ ਗਏ।
ਇਸ ਸਰਕਾਰੀ ਏਅਰਲਾਈਨਜ਼ ਵਲੋਂ ਜਾਰੀ ਬਿਆਨ ਅਨੁਸਾਰ ਹਾਦਸੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਇਹ ਜਹਾਜ਼ ਨਵਾਂ ਸੀ ਅਤੇ ਹਾਲੇ ਨਵੰਬਰ ਵਿਚ ਹੀ ਏਅਰਲਾਈਨਜ਼ ਹਵਾਲੇ ਕੀਤਾ ਗਿਆ ਸੀ। ਪੂਰੇ ਅਫਰੀਕਾ ਵਿਚੋਂ ਸਭ ਤੋਂ ਬਿਹਤਰੀਨ ਮੰਨੀ ਜਾਂਦੀ ਇਥੋਪੀਅਨ ਏਅਰਲਾਈਨਜ਼ ਦੇ ਬਿਆਨ ਅਨੁਸਾਰ ਜਹਾਜ਼ ਵਿੱਚ 149 ਯਾਤਰੀ ਅਤੇ ਅੱਠ ਸਟਾਫ ਮੈਂਬਰ ਸਨ। ਇਸ ਜਹਾਜ਼ ਨੇ ਹਾਦਸੇ ਤੋਂ ਛੇ ਮਿੰਟ ਪਹਿਲਾਂ ਹੀ ਅਡੀਸ ਅਬਾਬਾ ਤੋਂ ਕੀਨੀਆ ਦੀ ਰਾਜਧਾਨੀ ਲਈ ਉਡਾਣ ਭਰੀ ਸੀ।
ਭਾਵੇਂ ਕਿ ਏਅਰਲਾਈਨਜ਼ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਤਲਾਸ਼ ਅਤੇ ਬਚਾਅ ਅਭਿਆਨ ਜਾਰੀ ਹਨ ਅਤੇ ਹਾਲੇ ਤੱਕ ਮ੍ਰਿਤਕਾਂ ਦੀ ਗਿਣਤੀ ਬਾਰੇ ਪੁਸ਼ਟੀ ਨਹੀਂ ਹੋਈ ਹੈ ਪਰ ਇਥੋਪੀਆ ਦੇ ਪ੍ਰਧਾਨ ਮੰਤਰੀ ਨੇ ਵੱਖਰੇ ਬਿਆਨ ਰਾਹੀਂ ਪੀੜਤ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਏਅਰਲਾਈਨਜ਼ ਦੇ ਬੁਲਾਰੇ ਅਨੁਸਾਰ ਜਹਾਜ਼ ਵਿੱਚ 37 ਮੁਲਕਾਂ ਦੇ ਲੋਕ ਸਫਰ ਕਰ ਰਹੇ ਸਨ, ਜਿਨ੍ਹਾਂ ਵਿਚ ਕੀਨੀਆ ਦੇ 32 ਅਤੇ ਇਥੋਪੀਆ ਦੇ 17 ਵਾਸੀ ਸ਼ਾਮਲ ਸਨ।
ਏਅਰਲਾਈਨਜ਼ ਦੇ ਸੀਈਓ ਨੇ ਦੱਸਿਆ ਕਿ ਮ੍ਰਿਤਕਾਂ ਵਿਚ 33 ਮੁਲਕਾਂ ਦੇ ਨਾਗਰਿਕ ਸ਼ਾਮਲ ਸਨ। ਮ੍ਰਿਤਕਾਂ ਵਿਚ ਕੀਨੀਆ ਦੇ 32, ਇਥੋਪੀਆ ਦੇ ਨੌਂ, ਚੀਨ ਦੇ ਅੱਠ, ਅਮਰੀਕਾ ਦੇ ਅੱਠ, ਇਟਲੀ ਦੇ ਅੱਠ, ਫਰਾਂਸ ਦੇ ਸੱਤ, ਬਰਤਾਨੀਆਂ ਦੇ ਸੱਤ, ਮਿਸਰ ਦੇ ਛੇ, ਨੀਦਰਲੈਂਡ ਦੇ ਪੰਜ, ਭਾਰਤ ਦੇ ਚਾਰ ਅਤੇ ਸਲੋਵਾਕੀਆ ਦੇ ਚਾਰ ਨਾਗਰਿਕ ਸ਼ਾਮਲ ਸਨ। ਇਸੇ ਦੌਰਾਨ ਬੋਇੰਗ ਨੇ ਬਿਆਨ ਜਾਰੀ ਕਰਕੇ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਸ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਤਕਨੀਕੀ ਟੀਮ ਭੇਜੀ ਜਾਵੇਗੀ।
ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਹਾਦਸੇ ‘ਤੇ ਦੁੱਖ ਜ਼ਾਹਿਰ ਕਰਦੇ ਹੋਏ ਇਥੋਪੀਆ ਵਿੱਚ ਹਾਈ ਕਮਿਸ਼ਨਰ ਨੂੰ ਕਿਹਾ ਕਿ ਭਾਰਤੀ ਮੂਲ ਦੇ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ, ”ਭਾਰਤੀ ਸਫਾਰਤਖਾਨੇ ਅਨੁਸਾਰ ਮਰਨ ਵਾਲਿਆਂ ਵਿੱੱਚ ਵੈਦਿਆ ਪੰਨਾਗੇਸ਼ ਭਾਸਕਰ, ਵੈਦਿਆ ਹੰਸਿਨ ਅੰਨਗੇਸ਼, ਨੁਕਵਰਪੁ ਮਨੀਸ਼ਾ ਅਤੇ ਸ਼ਿਖਾ ਗਰਗ ਸ਼ਾਮਲ ਹਨ। ਮੇਰੇ ਸਹਿਯੋਗੀ ਡਾ ਹਰਸ਼ਵਰਧਨ ਨੇ ਪੁਸ਼ਟੀ ਕੀਤੀ ਹੈ ਕਿ ਸ਼ਿਖਾ ਗਰਗ ਵਾਤਾਵਰਣ ਅਤੇ ਵਣ ਵਿਭਾਗ ਵਿੱਚ ਸਲਾਹਕਾਰ ਸੀ। ਉਹ ਨੈਰੋਬੀ ਵਿੱਚ ਯੂਐਨਈਪੀ ਦੀ ਮੀਟਿੰਗ ਵਿੱਚ ਹਿੱਸਾ ਲੈਣ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਉਹ ਭਾਰਤੀ ਨਾਗਰਿਕਾਂ ਦੇ ਪਰਿਵਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।”

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *