ਲੋਕ ਸਭਾ ਚੋਣਾਂ ਵੱਡੀ ਵਿਚਾਰਧਾਰਕ ਜੰਗ ਵਜੋਂ ਲੜੀਆਂ ਜਾਣਗੀਆਂ: ਰਾਹੁਲ ਗਾਂਧੀ


ਕਿਲੀ ਚਹਿਲਾਂ (ਮੋਗਾ)/ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਅਗਲੀਆਂ ਚੋਣਾਂ ਨੂੰ ‘ਇੱਕ ਵੱਡੀ ਵਿਚਾਰਧਾਰਕ ਜੰਗ’ ਕਰਾਰ ਦਿੰਦਿਆਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਬਿਗੁਲ ਵਜਾ ਦਿੱਤਾ ਹੈ। ਉਹਨਾਂ ਦਾਅਵਾ ਕੀਤਾ ਹੈ ਕਿ ਕਾਂਗਰਸ ਪਾਰਟੀ ਸਾਰੀਆਂ ਲੋਕ ਸਭਾ ਸੀਟਾਂ ਉੱਤੇ ਜਿੱਤ ਹਾਸਿਲ ਕਰਦਿਆਂ ਪੰਜਾਬ ‘ਚ ਅਕਾਲੀ-ਭਾਜਪਾ ਗੱਠਜੋੜ ਦਾ ਪੂਰੀ ਤਰ੍ਹਾਂ ਸਫਾਇਆ ਕਰ ਦੇਵੇਗੀ।
ਰਾਹੁਲ ਗਾਂਧੀ ਨੇ ਕਿਸਾਨ ਕਰਜ਼ਾ ਮੁਆਫੀ ਸਕੀਮ ਵਾਸਤੇ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕੀਤੀ ਜਿਸ ਲਈ ਮੁੱਖ ਮੰਤਰੀ ਨੇ ਚੌਥੇ ਗੇੜ ਦੀ ਸ਼ੁਰੂਆਤ ਕੀਤੀ ਜਿਸ ਦੇ ਹੇਠ 15000 ਛੋਟੇ ਕਿਸਾਨਾਂ ਨੂੰ 200 ਕਰੋੜ ਰੁਪਏ ਦੀ ਰਾਹਤ ਮੁਹੱਈਆ ਕਰਾਈ ਜਾਵੇਗੀ। ਇਸ ਤੋਂ ਇਲਾਵਾ ਇਸ ਸਕੀਮ ਦੇ ਘੇਰੇ ਹੇਠ ਦਲਿਤਾਂ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਲਿਆਂਦਾ ਜਾਵੇਗਾ ਅਤੇ ਇਸ ਸਕੀਮ ਦੇ ਹੇਠ 2.82 ਲੱਖ ਖੇਤ ਮਜ਼ਦੂਰਾਂ ਦੇ 520 ਕਰੋੜ ਰੁਪਏ ਦੇ ਕਰੋੜ ਰੁਪਏ ਦੇ ਕਰਜ਼ੇ ਮੁਆਫ ਕੀਤੇ ਜਾਣਗੇ।
ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨੂੰ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਬਣਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨੀ ਭਾਈਚਾਰੇ ਦੀ ਹਰ ਹਾਲ ਵਿੱਚ ਰਾਖੀ ਕੀਤੀ ਜਾਵੇਗੀ ਜਦਕਿ ਰਾਹੁਲ ਗਾਂਧੀ ਨੇ ਐਲਾਨ ਕੀਤਾ ਕਿ ਕਿਸਾਨੀ ਕਰਜ਼ੇ ਕਾਂਗਰਸ ਦੇ ਸ਼ਾਸਨ ਵਾਲੇ ਸੂਬਿਆਂ ਵਿੱਚ ਮੁਆਫ਼ ਕੀਤੇ ਜਾ ਰਹੇ ਹਨ ਜਦਕਿ ਇਸ ਦੇ ਮੁਕਾਬਲੇ ਮੋਦੀ ਸਰਕਾਰ ਸੰਕਟ ਵਿੱਚ ਘਿਰੇ ਕਿਸਾਨਾਂ ਨੂੰ ਬਚਾਉਣ ਵਿੱਚ ਅਸਫ਼ਲ ਰਹੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਅਗਲੀਆਂ ਚੋਣਾਂ ਵਿੱਚ ਵਿਚਾਰਧਾਰਕ ਸੰਘਰਸ਼ ਹੋਵੇਗਾ ਅਤੇ ਗੁਰੂ ਨਾਨਕ ਦੇਵ ਜੀ ਦੀ ਆਪਸੀ ਪਿਆਰ ਅਤੇ ਆਪਸੀ ਸਤਿਕਾਰ ਵਾਲੀ ਫ਼ਿਲਾਸਫੀ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ, ”ਅਸੀਂ ਸ਼ਾਨਦਾਰ ਤਰੀਕੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਵਾਂਗੇ।”
ਉਨ੍ਹਾਂ ਨੇ ਪੰਜਾਬ ਵਿੱਚ ਡਰੱਗ ਮਾਫੀਏ ਦਾ ਲੱਕ ਤੋੜ ਦੇਣ ਲਈ ਮੁੱਖ ਮੰਤਰੀ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਹ ਸਾਡੇ ਲਈ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਨੌਜਵਾਨਾਂ ਦੇ ਮਨਾਂ ਵਿੱਚ ਆਪਣੇ ਬਿਹਤਰ ਭਵਿੱਖ ਦੀ ਉਮੀਦ ਮੁੜ ਜਾਗੀ ਹੈ।
ਮੁੱਖ ਮੰਤਰੀ ਨੇ ਪੰਜਾਬ ਵਿੱਚ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ 31000 ਕਰੋੜ ਰੁਪਏ ਦੇ ਵਿਰਾਸਤੀ ਕਰਜ਼ੇ ਰਾਹੀਂ ਸੂਬੇ ਨੂੰ ਤਬਾਹੀ ਵੱਲ ਧੱਕਣ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਇਸ ਨਾਲ ਸੂਬੇ ‘ਤੇ ਵੱਡਾ ਬੋਝ ਪਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧ ਵਿੱਚ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕੋਲ ਵਾਰ-ਵਾਰ ਕੀਤੀ ਪੈਰਵੀ ਦੇ ਬਾਵਜੂਦ ਇਹ ਦੋਵੇਂ ਨੇਤਾ ਇਸ ਨੂੰ ਸੁਲਝਾਉਣ ਵਿੱਚ ਨਾਕਾਮ ਰਹੇ ਹਨ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਪੰਜਾਬ ਵਿਚ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਸੰਬੰਧੀ ਸ਼ਰੇਆਮ ਝੂਠ ਬੋਲ ਕੇ 900 ਖੁਦਕੁਸ਼ੀ ਪੀੜਤਾਂ ਦੀ ਰੂਹ ਦਾ ਅਪਮਾਨ ਕਰਨ ਲਈ ਸਖ਼ਤ ਨਿਖੇਧੀ ਕੀਤੀ ਹੈ। ਪਾਰਟੀ ਨੇ ਇਹ ਵੀ ਕਿਹਾ ਹੈ ਕਿ ਰਾਹੁਲ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਬਾਰੇ ਵੀ ਵੱਡੇ ਵੱਡੇ ਗੱਪ ਮਾਰੇ ਹਨ ਜਦਕਿ  ਕਾਂਗਰਸ ਸਰਕਾਰ ਨੌਕਰੀਆਂ ਦੇਣ ਦੀ ਉਲਟਾ ਨੌਜਵਾਨਾਂ ਕੋਲੋਂ ਨੌਕਰੀਆਂ ਖੋਹ ਰਹੀ ਹੈ।
ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਰਾਹੁਲ ਗਾਂਧੀ ਨੇ ਇਹ ਕਹਿੰਦਿਆਂ ਕਿ ਕਾਂਗਰਸ ਸਰਕਾਰ ਦੁਆਰਾ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾ ਚੁੱਕਿਆ ਹੈ, ਬਹੁਤ ਵੱਡਾ ਝੂਠ ਬੋਲਿਆ ਹੈ। ਕਾਂਗਰਸ ਸਰਕਾਰ ਵਾਅਦੇ ਮੁਤਾਬਿਕ ਰਾਸ਼ਟਰੀ, ਸਹਿਕਾਰੀ ਬੈਕਾਂ ਅਤੇ ਆੜ੍ਹਤੀਆਂ ਸਮੇਤ ਮੁਕੰਮਲ 90 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ। ਉਹਨਾਂ ਕਿਹਾ ਕਿ ਇਸ ਨੇ ਇੱਕ ਅੰਸ਼ਿਕ ਫਸਲੀ ਕਰਜ਼ਾ ਯੋਜਨਾ ਲਿਆਂਦੀ ਹੈ, ਜਿਸ ਨੇ ਸਥਿਤੀ ਹੋਰ ਖਰਾਬ ਕਰ ਦਿੱਤੀ ਹੈ ਅਤੇ 900 ਕਿਸਾਨਾਂ ਨੂੰ ਖੁਦਕੁਸ਼ੀ ਵੱਲ ਧੱਕ ਦਿੱਤਾ ਹੈ।
ਅਕਾਲੀ ਆਗੂ ਨੇ ਕਿਹਾ ਕਿ  ਰਾਹੁਲ ਗਾਂਧੀ ਨੂੰ ਚੋਣ ਦੀ ਰੁੱਤ ਵਿਚ ਕਿਸਾਨਾਂ ਨੂੰ ਯਾਦ ਕਰਨ ਦਾ ਸ਼ੌਂਕ ਹੈ। ਇਹੀ ਵਜ੍ਹਾ ਹੈ ਜਿਸ ਕਰਕੇ ਉਹ ਅੱਜ ਮੋਗਾ ਵਿਚ ਕਿਸਾਨਾਂ ਬਾਰੇ ਬੋਲਿਆ ਹੈ। ਪਰੰਤੂ ਉਸ ਨੇ ਪਿਛਲੇ ਦੋ ਸਾਲ ਦੌਰਾਨ ਉਹਨਾਂ 900 ਖੁਦਕੁਸ਼ੀ ਪੀੜਤ ਪਰਿਵਾਰਾਂ ਨਾਲ ਹਮਦਰਦੀ ਕਰਨ ਲਈ ਇੱਕ ਦਿਨ ਵੀ ਨਹੀਂ ਕੱਢਿਆ, ਜਿਹਨਾਂ ਦੇ ਸਕੇ-ਸੰਬੰਧੀ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਮੁਕਰਨ ਮਗਰੋਂ ਦੁਖੀ ਹੋ ਕੇ ਖੁਦਕੁਸ਼ੀਆਂ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਮੱਧ ਪ੍ਰਦੇਸ਼ ਵਿਚ ਖੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਨਾਲ ਹਮਦਰਦੀ ਕਰਨ ਲਈ ਸਾਲ ਵਿਚ ਦੋ ਵਾਰ ਜਾਣ ਵਾਸਤੇ ਸਮਾਂ ਇਸ ਲਈ ਮਿਲ ਗਿਆ ਕਿਉਂਕਿ  ਉੱਥੇ ਅਸੰਬਲੀ ਚੋਣਾਂ ਹੋਣੀਆਂ ਸਨ। ਇਸ ਗੱਲ ਤੋਂ ਕਾਂਗਰਸ ਪ੍ਰਧਾਨ ਦੇ ਦੋਗਲੇਪਣ ਦਾ ਪਰਦਾਫਾਸ਼ ਹੋ ਜਾਂਦਾ ਹੈ ਅਤੇ ਸਾਬਿਤ ਹੋ ਜਾਂਦਾ ਹੈ ਕਿ ਉਸ ਨੇ ਪੰਜਾਬ ਦੇ ਦੁਖੀ ਕਿਸਾਨਾਂ ਨਾਲ ਕਿੰਨੀ ਕੁ ਹਮਦਰਦੀ ਹੈ?
ਸਾਬਕਾ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੁੱਦੇ ਉੱਤੇ ਵੀ ਕੋਰਾ ਝੂਠ ਬੋਲਿਆ ਹੈ। ਉੁਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਜਦਕਿ ਹੋ ਇਸ ਤੋਂ ਬਿਲਕੁੱਲ ਉਲਟ ਰਿਹਾ ਹੈ। ਉਹਨਾਂ ਕਿਹਾ ਕਿ ਇੱਥੇ ਨੌਕਰੀਆਂ ਖੋਹੀਆਂ ਜਾ ਰਹੀਆਂ ਹਨ। ਅਕਾਲੀ ਭਾਜਪਾ ਦੁਆਰਾ ਇਸ ਸੰਬੰਧੀ ਐਕਟ ਪਾਸ ਕੀਤੇ ਜਾਣ ਦੇ ਬਾਵਜੂਦ ਠੇਕੇ ਤੇ ਭਰਤੀ ਕੀਤੇ 25 ਹਜ਼ਾਰ ਨੂੰ ਪੱਕੇ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਕਾਗਰਸ ਨੇ ਸਾਲ ਵਿਚ 60 ਲੱਖ ਨੌਕਰੀਆਂ ਪੈਦਾ ਕਰਨ ਦਾ ਵਾਅਦਾ ਕੀਤਾ ਸੀ, ਜਿਸ ਮੁਤਾਬਿਕ ਹਰ ਮਹੀਨੇ ਇੱਕ ਲੱਖ ਨੌਕਰੀਆਂ ਬਣਦੀਆਂ ਸਨ। ਪਰੰਤੂ ਇਸ ਨੇ ਇੱਕ ਵੀ ਨੌਕਰੀ ਨਹੀਂ ਦਿੱਤੀ ਹੈ। ਕਾਂਗਰਸ ਸਰਕਾਰ ਨੌਜਵਾਨਾਂ ਨੂੰ ਵਾਅਦੇ ਅਨੁਸਾਰ 2 ਹਜ਼ਾਰ ਰੁਪਏ ਬੇਰੁਜ਼ਗਾਰੀ ਭੱਤਾ ਦੇਣ ਵਿਚ ਵੀ ਨਾਕਾਮ ਰਹੀ ਹੈ। ਇਸ ਵੱਲੋਂ ਤਕਰੀਬਨ 150 ਨੌਜਵਾਨਾਂ ਨੂੰ ਮਹਿਜ਼ 150ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇ ਕੇ ਉਹਨਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ।
ਰਾਹੁਲ ਗਾਂਧੀ ਨੂੰ ਝੂਠ ਬੋਲਣ ਤੋਂ ਵਰਜਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਅਸਲੀ ਤਸਵੀਰ ਇਹ ਹੈ ਕਿ ਕਿਸਾਨ ਆਪਣੇ ਗੰਨੇ ਦੇ ਬਕਾਏ ਲੈਣ ਲਈ ਰੇਲਵੇ ਲਾਇਨਾਂ ਉੱਤੇ ਬੈਠੇ ਹਨ। ਕਰਮਚਾਰੀ ਨਵਾਂ ਤਨਖਾਹ ਕਮਿਸ਼ਨ ਲਾਗੂ ਕਰਵਾਉਣ ਅਤੇ ਡੀਏ ਦੀਆਂ ਕਿਸ਼ਤਾਂ ਸਮੇਤ ਬਕਾਏ ਲੈਣ ਅਤੇ ਪੱਕੇ ਕੀਤੇ ਜਾਣ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ। ਉਹਨਾਂ ਕਿਹਾ ਇਹਨਾਂ ਸਾਰਿਆਂ ਦੀਆਂ ਮੰਗਾਂ ਲਾਠੀਚਾਰਜ ਕਰਕੇ ਦਬਾਇਆ ਜਾ ਰਿਹਾ ਹੈ ਅਤੇ ਔਰਤਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *