ਕੈਨੇਡਾ ਅਦਾਲਤ ਵੱਲੋਂ ਹੁਆਵੇ ਅਧਿਕਾਰੀ ਦੇ ਹਵਾਲਗੀ ਕੇਸ ਦੀ ਸੁਣਵਾਈ 8 ਮਈ ਨੂੰ
A

ਵੈਨਕੂਵਰ/ ਚੀਨੀ ਕੰਪਨੀ ਹੁਆਵੇ ਦੀ ਅਧਿਕਾਰੀ ਮੇਂਗ ਵਾਂਜ਼ੂ ਬੁੱਧਵਾਰ ਨੂੰ ਆਪਣੇ ਖ਼ਿਲਾਫ ਹਵਾਲਗੀ ਕੇਸ ਦੀ ਪਹਿਲੀ ਸੁਣਵਾਈ ਲਈ ਵੈਨਕੂਵਰ ਦੀ ਅਦਾਲਤ ਵਿਚ ਪੇਸ਼ ਹੋਈ। ਇਹ ਸੁਣਵਾਈ ਬਹੁਤ ਥੋੜ੍ਹੀ ਦੇਰ ਚੱਲੀ, ਜਿਸ ਦੌਰਾਨ ਪੂਰੇ ਕੇਸ ਦੀ ਸੁਣਵਾਈ ਵਾਸਤੇ ਸਮਾਂ-ਸਾਰਨੀ ਨਿਰਧਾਰਿਤ ਕਰਨ ਬਾਰੇ ਹੀ ਚਰਚਾ ਹੋਈ।ਇਸ ਦੌਰਾਨ ਅਦਾਲਤ ਨੇ ਹੁਕਮ ਸੁਣਾਇਆ ਕਿ ਹੁਆਵੇ ਟੈਕਨਾਲੋਜੀਜ਼ ਦੀ ਸੀਐਫਓ ਮੇਂਗ ਨੂੰ ਇਰਾਨ ਉੱਤੇ ਲਾਈਆਂ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਨਾਲ ਸੰਬੰਧਿਤ ਦੋਸ਼ਾਂ ਦਾ ਸਾਹਮਣਾ ਕਰਨ ਲਈ ਅਮਰੀਕਾ ਦੇ ਹਵਾਲੇ ਕੀਤਾ ਜਾਵੇਗਾ ਜਾਂ ਨਹੀਂ, ਇਸ ਦਾ ਫੈਸਲਾ ਕਰਨ ਵਾਸਤੇ ਅਦਾਲਤ ਵੱਲੋਂ 8 ਮਈ ਤੋਂ ਸੁਣਵਾਈ ਸ਼ੁਰੂ ਕੀਤੀ ਜਾਵੇਗੀ।

 

ਇਸ ਤੋਂ ਪਹਿਲਾਂ ਕੈਨੇਡਾ ਵੱਲੋਂ ਹੁਆਵੇ ਸੀਐਫਓ ਖਿਲਾਫ਼ ਹਵਾਲਗੀ ਕੇਸ ਚਲਾਉਣ ਦੀ ਇਜਾਜ਼ਤ ਦੇਣ ਦਾ ਐਲਾਨ ਕੀਤਾ ਗਿਆ ਸੀ। ਕੈਨੇਡਾ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਇਸ ਵੱਲੋਂ ਚੀਨੀ ਕੰਪਨੀ ਹੁਆਵੇ ਦੀ ਅਧਿਕਾਰੀ ਮੇਂਗ ਵਾਂਜ਼ੂ ਖਿਲਾਫ ਅਮਰੀਕੀ ਹਵਾਲਗੀ ਦਾ ਕੇਸ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਕੈਨੇਡਾ ਦੇ ਜਸਟਿਸ ਵਿਭਾਗ ਨੇ ਇਸ ਸੰਬੰਧੀ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹਨਾਂ ਨੇ ਗਹੁ ਨਾਲ ਸਬੂਤ ਦਾ ਮੁਲੰਕਣ ਕੀਤਾ ਹੈ ਅਤੇ ਇਸ ਕੇਸ ਨੂੰ ਚਲਾਇਆ ਜਾ ਸਕਦਾ ਹੈ।
ਇੱਥੇ ਦੱਸਣਯੋਗ ਹੈ ਕਿ ਇੱਕ ਦਸੰਬਰ ਨੂੰ ਵੈਨਕੂਵਰ ਹਵਾਈ ਅੱਡੇ ਉੱਤੇ ਮੇਂਗ ਦੀ ਗਿਰਫ਼ਤਾਰੀ ਦੀ ਖ਼ਬਰ ਮਗਰੋਂ ਕੈਨੇਡਾ ਅਤੇ ਚੀਨ ਵਿਚਕਾਰ ਇਸ ਅਧਿਕਾਰੀ ਦੀ ਹੋਣੀ ਨੂੰ ਲੈ ਕੇ ਲਗਾਤਾਰ ਝਗੜਾ ਤਿੱਖਾ ਹੁੰਦਾ ਜਾ ਰਿਹਾ ਹੈ। ਚੀਨ ਨੇ ਇਸ ਗਿਰਫ਼ਤਾਰੀ ਦੀ ਨਿਖੇਧੀ ਕਰਦਿਆਂ ਤੁਰੰਤ ਮੇਂਗ ਨੂੰ ਰਿਹਾ ਕੀਤੇ ਜਾਣ ਦੀ ਮੰਗ ਕੀਤੀ ਹੈ। ਜੁਆਬ ਵਿਚ ਕੈਨੇਡਾ ਨੇ ਕਿਹਾ ਹੈ ਕਿ ਅਮਰੀਕਾ ਨਾਲ ਇੱਕ ਹਵਾਲਗੀ ਸੰਧੀ ਨੂੰ ਲੈ ਕੇ ਉਸ ਦੇ ਹੱਥ ਬੰਨ੍ਹੇ ਹੋਏ ਹਨ। ਕੈਨੇਡਾ ਨੇ ਇਸ ਨੂੰ ਸਿਆਸੀ ਮਾਮਲਾ ਨਹੀਂ ਸਗੋਂ ਇਕ ਕਾਨੂੰਨੀ ਮਾਮਲਾ ਕਰਾਰ ਦਿੱਤਾ ਹੈ।
ਮੇਂਗ ਦੀ ਗਿਰਫ਼ਤਾਰੀ ਤੋਂ ਕੁੱਝ ਹੀ ਸਮਾਂ ਮਗਰੋਂ ਪ੍ਰਤੀਕਰਮ ਵਜੋਂ ਚੀਨ ਨੇ ਦੋ ਕੈਨੇਡੀਅਨ ਨਾਗਰਿਕਾਂ ਨੂੰ ਫਜ਼ੂਲ ਦੇ ਦੋਸ਼ਾਂ ਅਧੀਨ ਗਿਰਫ਼ਤਾਰ ਕਰ ਲਿਆ ਸੀ। ਇਸ ਤਰ੍ਹਾਂ ਨਸ਼ਿਆਂ ਦੀ ਤਸਕਰੀ ਲਈ ਚੀਨ ਵਿਚ ਕੈਦ ਕੱਟ ਰਹੇ ਇੱਕ ਕੈਨੇਡੀਅਨ ਖਿਲਾਫ ਦੁਬਾਰਾ ਇੱਕ ਦਿਨ ਦੀ ਅਦਾਲਤੀ ਕਾਰਵਾਈ ਚਲਾ ਕੇ ਮੌਤ ਦੀ ਸਜ਼ਾ ਦੇ ਦਿੱਤੀ ਗਈ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *