ਪੰਜਾਬ ਮੰਤਰੀ ਮੰਡਲ ਨੇ ਨਵੀਂ ਐਕਸਾਈਜ਼ ਨੀਤੀ ‘ਤੇ ਮੋਹਰ ਲਾਈ


ਚੰਡੀਗੜ੍ਹ/ਪੰਜਾਬ ਮੰਤਰੀ ਮੰਡਲ ਦੀ ਬੈਠਕ ਅੱਜ ਮੁੱਖ ਮੰਤਰੀ ਨਿਵਾਸ ਵਿਖੇ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੰਤਰੀ ਮੰਡਲ ਦੀ ਮੀਟਿੰਗ ‘ਚ ਸੂਬੇ ਲਈ ਨਵੀਂ ਐਕਸਾਈਜ਼ ਨੀਤੀ ਦਾ ਐਲਾਨ ਕਰਦਿਆਂ ਗੁਆਂਢੀ ਸੂਬਿਆਂ ਤੋਂ ਸ਼ਰਾਬ ਦੀ ਸਮਗਿਲੰਗ ਰੋਕਣ ਲਈ ਆਬਕਾਰੀ ਵਿਭਾਗ ਲਈ ਬਟਾਲੀਅਨ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ | ਇਸ ਬਟਾਲੀਅਨ ‘ਚ ਪੁਲਿਸ ਦਾ ਇਕ ਆਈ.ਜੀ./ਡੀ.ਆਈ.ਜੀ., ਡਵੀਜ਼ਨਲ ਪੱਧਰ ‘ਤੇ ਐਸ਼ ਪੀ ਰੈਂਕ ਦਾ ਅਧਿਕਾਰੀ, ਲੋੜੀਂਦੇ ਡੀ.ਐਸ਼ਪੀ., ਹਰੇਕ ਆਬਕਾਰੀ ਜ਼ਿਲ੍ਹੇ ‘ਚ 50-60 ਪੁਲਿਸ ਮੁਲਾਜ਼ਮ ਹੋਣਗੇ | ਇਸ ਨੂੰ ਆਬਕਾਰੀ ਅਤੇ ਕਰ ਵਿਭਾਗ ਦੇ ਵਾਸਤੇ ਪੈਦਾ ਕੀਤਾ ਜਾਵੇਗਾ | ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਨਵੀਂ ਨੀਤੀ ਅਨੁਸਾਰ ਪਿਛਲੇ ਸਾਲ ਅਪਣਾਈ ਗਈ ਵਪਾਰ ਪੱਖੀ ਅਤੇ ਪ੍ਰਚੂਨ ਪੱਖੀ ਪਹੁੰਚ ਨੂੰ ਲਗਾਤਾਰ ਜਾਰੀ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਾਲ 2019-20 ਲਈ ਆਬਕਾਰੀ ਨੀਤੀ ਦਾ ਐਲਾਨ ਕੀਤਾ ਹੈ ਜਿਸ ‘ਚ ਸ਼ਰਾਬ ਦੇ ਵਪਾਰ ‘ਚ ਅਜਾਰੇਦਾਰੀ ਰੁਝਾਨ ਨੂੰ ਰੋਕਣ ਅਤੇ ਛੋਟੇ ਗਰੁੱਪਾਂ ‘ਚ ਸ਼ਰਾਬ ਦੇ ਠੇਕੇ ਅਲਾਟ ਕਰਨ ਦੀ ਪਹੁੰਚ ਅਪਣਾਈ ਗਈ ਹੈ |
ਨਵੀਂ ਨੀਤੀ ‘ਚ ਸਾਲ 2018-19 ਦੇ 5462 ਕਰੋੜ ਰੁਪਏ ਦੀ ਨਿਰਧਾਰਤ ਸੰਭਾਵੀ ਉਗਰਾਹੀ ਦੇ ਬਦਲੇ ਇਸ ਵਾਰ 6201 ਕਰੋੜ ਰੁਪਏ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ | ਨੀਤੀ ਅਨੁਸਾਰ ਗਰੁੱਪਾਂ ਦੀ ਗਿਣਤੀ ਪਹਿਲਾਂ ਵਾਲੀ ਹੀ ਤਕਰੀਬਨ 700 ਰਹੇਗੀ, ਮਾਲੀਏ ‘ਚ ਸੰਭਾਵੀ ਵਾਧੇ ਦੀ ਸੂਰਤ ‘ਚ ਹੀ ਕੇਵਲ ਗਰੁੱਪ ਦੇ ਸਾਈਜ਼ ‘ਚ ਵਾਧਾ ਕੀਤਾ ਜਾ ਸਕਦਾ ਹੈ | ਇਸ ਨਾਲ ਛੋਟੇ ਲਾਈਸੰਸ ਧਾਰਕਾਂ ਦੀ ਸ਼ਮੂਲੀਅਤ ਵਧੇਗੀ ਅਤੇ ਠੇਕਿਆਂ ਦੀ ਗਿਣਤੀ ਆਬਕਾਰੀ ਨੀਤੀ 2019-20 ਦੌਰਾਨ ਵੀ ਤਕਰੀਬਨ ਪਿਛਲੇ ਵਾਲੀ ਹੀ ਰਹੇਗੀ | ਲਾਈਸੰਸ ਧਾਰਕਾਂ ਨੂੰ ਸਾਲ 2018-19 ਦੌਰਾਨ ਵਿਕਰੀ ਨਾ ਹੋਏ ਸ਼ਰਾਬ ਦੇ ਕੋਟੇ ਨੂੰ ਬਹੁਤ ਹੀ ਮਾਮੂਲੀ ਫੀਸ ਨਾਲ ਅਗਲੇ ਸਾਲ 2019-20 ‘ਚ ਲਿਜਾਣ ਦੀ ਆਗਿਆ ਦਿੱਤੀ ਗਈ ਹੈ |
ਸਾਲ 2018-19 ਦੌਰਾਨ ਸ਼ਰਾਬ ਦੀ ਖਪਤ ਦੇ ਅਨੁਸਾਰ ਪੀ.ਐਮ.ਐਲ਼ (ਦੇਸੀ ਸ਼ਰਾਬ) ਦਾ ਕੋਟਾ 5.78 ਕਰੋੜ ਪਰੂਫ ਲੀਟਰ ਤੋਂ ਵਧਾ ਕੇ 6.36 ਕਰੋੜ ਲੀਟਰ ਕੀਤਾ ਗਿਆ ਹੈ | ਇਹ ਵਾਧਾ 10 ਫ਼ੀਸਦੀ ਹੈ | ਇਸੇ ਤਰ੍ਹਾਂ ਹੀ ਭਾਰਤ ਦੀ ਬਣੀ ਵਿਦੇਸ਼ੀ ਸ਼ਰਾਬ (ਆਈ.ਐਮ.ਐਫ਼.ਐਲ਼) ਦਾ ਕੋਟਾ 2.48 ਕਰੋੜ ਪਰੂਫ ਲੀਟਰ ਤੋਂ ਵਧਾ ਕੇ 2.62 ਕਰੋੜ ਪਰੂਫ ਲੀਟਰ ਕੀਤਾ ਗਿਆ ਹੈ | ਇਹ ਵਾਧਾ 6 ਫ਼ੀਸਦੀ ਹੈ | ਇਸ ਤੋਂ ਇਲਾਵਾ ਬੀਅਰ ਦਾ ਕੋਟਾ 2.57 ਕਰੋੜ ਬਲਕ ਲੀਟਰ ਤੋਂ ਵਧਾ ਕੇ 3 ਕਰੋੜ ਬਲਕ ਲੀਟਰ ਕੀਤਾ ਗਿਆ ਹੈ ਜੋ 16 ਫ਼ੀਸਦੀ ਵੱਧ ਹੈ |
ਪਿਛਲੇ ਸਾਲ ਤੱਕ ਦੇਸੀ ਸ਼ਰਾਬ ਦਾ ਐਕਸ-ਡਿਸਟਿਲਰੀ ਇਸ਼ੂ ਪ੍ਰਾਈਸ (ਈ.ਡੀ.ਪੀ.) ਸਰਕਾਰ ਵਲੋਂ ਨਿਰਧਾਰਤ ਕੀਤਾ ਜਾਂਦਾ ਸੀ | ਇਸ ਸਾਲ 2019-20 ਵਾਸਤੇ ਐਮ.ਆਰ.ਪੀ. ਦੀ ਧਾਰਨਾ ਨੂੰ ਈ.ਡੀ.ਪੀ. ਦੇ ਨਾਲ ਜੋੜ ਕੇ ਪੇਸ਼ ਕੀਤਾ ਗਿਆ ਹੈ | ਇਸ ਦੇ ਨਾਲ ਮੰਡੀਕਾਰੀ ਸ਼ਕਤੀਆਂ ਮੈਦਾਨ ‘ਚ ਆਉਣਗੀਆਂ ਅਤੇ ਡਿਸਟਿਲਰੀਆਂ ਆਪਣੇ ਬਰਾਂਡਾਂ ਦੀਆਂ ਆਪਣੀਆਂ ਦਰਾਂ ਨਿਰਧਾਰਤ ਕਰਨ ਦੇ ਯੋਗ ਹੋਣਗੀਆਂ |
ਪੰਜਾਬ ਮੰਤਰੀ ਮੰਡਲ ਨੇ ਪੁਲਵਾਮਾ ਵਿਖੇ ਸੀ.ਆਰ.ਪੀ.ਐਫ਼ ਦੇ ਸ਼ਹੀਦ ਹੋਏ ਕਾਂਸਟੇਬਲ ਕੁਲਵਿੰਦਰ ਸਿੰਘ ਦੇ ਮਾਪਿਆਂ ਲਈ ਪ੍ਰਤੀ ਮਹੀਨਾ 10000 ਰੁਪਏ ਪੈਨਸ਼ਨ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ ਮਹੀਨੇ ਕੁਲਵਿੰਦਰ ਸਿੰਘ ਦੇ ਮਾਪਿਆਂ ਨੂੰ ਉਨ੍ਹਾਂ ਦੇ ਅਨੰਦਪੁਰ ਸਾਹਿਬ ਨੇੜੇ ਪਿੰਡ ਵਿਖੇ ਮਿਲੇ ਸਨ ਅਤੇ ਉਨ੍ਹਾਂ ਨੂੰ ਹਰ ਸਰਕਾਰੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਸੀ। ਮੁੱਖ ਮੰਤਰੀ ਨੇ ਰੌਲੀ ਪਿੰਡ ਵਿਖੇ ਦਰਸ਼ਨ ਸਿੰਘ ਦੇ ਘਰ ਜਾ ਕੇ ਉਨ੍ਹਾਂ ਨੂੰ 10000 ਰੁਪਏ ਪ੍ਰਤੀ ਮਹੀਨਾ ਵਿਸ਼ੇਸ਼ ਪੈਨਸ਼ਨ ਦੇਣ ਦਾ ਐਲਾਨ ਕੀਤਾ ਸੀ ਕਿਉਂਕਿ ਉਨ੍ਹਾਂ ਦਾ ਹੋਰ ਕੋਈ ਬੱਚਾ ਨਹੀਂ ਹੈ ਅਤੇ ਕੁਲਵਿੰਦਰ ਸਿੰਘ ਅਜੇ ਕੁਆਰਾ ਹੀ ਸੀ। ਉਨ੍ਹਾਂ ਉਸ ਸਮੇਂ ਕਿਹਾ ਸੀ ਕਿ ਅਗਲੀ ਕੈਬਨਿਟ ਮੀਟਿੰਗ ‘ਚ ਰੱਖਿਆ ਸੇਵਾਵਾਂ ਵਿਭਾਗ ਵਲੋਂ ਪੈਨਸ਼ਨ ਸਬੰਧੀ ਇਕ ਏਜੰਡਾ ਪੇਸ਼ ਕੀਤਾ ਜਾਵੇਗਾ।ਇਹ ਪੈਨਸ਼ਨ ਸ਼ਹੀਦ ਦੇ ਵਾਰਸ ਨੂੰ ਨੌਕਰੀ ਦੇਣ ਦੇ ਇਵਜ਼ ‘ਚ ਦਿੱਤੀ ਜਾਵੇਗੀ ।ਇਸ ਤੋਂ ਇਲਾਵਾ ਸੱਤ ਲੱਖ ਰੁਪਏ ਐਕਸ ਗ੍ਰੇਸ਼ੀਆ ਗ੍ਰਾਂਟ ਅਤੇ ਜ਼ਮੀਨ ਦੇ ਵਾਸਤੇ ਪੰਜ ਲੱਖ ਰੁਪਏ ਨਕਦ ਲਈ ਪਰਿਵਾਰ ਹੱਕਦਾਰ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *