ਬਾਲਾਕੋਟ ਹਮਲੇ ਗੈਰ ਫੌਜੀ `ਤੇ ਇਹਤਿਆਤੀ ਹਵਾਈ ਹਮਲੇ ਸਨ : ਸੀਤਾਰਾਮਨ

ਚੇਨਈ/ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਇੱਥੇ ਕਿਹਾ ਕਿ ਬਾਲਾਕੋਟ ਹਵਾਈ ਹਮਲੇ ”ਫੌਜੀ ਕਾਰਵਾਈ ਨਹੀਂ” ਸੀ ਕਿਉਂਕਿ ਇਨ੍ਹਾਂ ਹਮਲਿਆਂ ਕਾਰਨ ਆਮ ਨਾਗਰਿਕਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਦੱਸਣਯੋਗ ਹੈ ਕਿ 14 ਫਰਵਰੀ ਦੇ ਪੁਲਵਾਮਾ ਹਮਲੇ ਤੋਂ ਬਾਅਦ ਬੀਤੀ 26 ਫਰਵਰੀ ਨੂੰ ਭਾਰਤੀ ਹਵਾਈ ਸੈਨਾ ਵਲੋਂ ਪਾਕਿਸਤਾਨ ਵਿੱਚ ਜੈਸ਼-ਏ-ਮੁਹੰਮਦ ਦੇ ਕੈਂਪ ਨੂੰ ਹਵਾਈ ਹਮਲੇ ਰਾਹੀਂ ਨਸ਼ਟ ਕੀਤਾ ਗਿਆ। ਸੀਤਾਰਾਮਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਹਵਾਈ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਨਹੀਂ ਦਿੱਤੀ ਸੀ ਬਲਕਿ ਉਨ੍ਹਾਂ ਨੇ ਕੇਵਲ ਬਿਆਨ ਦਿੱਤਾ ਸੀ, ਜੋ ਕਿ ਸਰਕਾਰ ਦਾ ਸਟੈਂਡ ਹੈ।
ਗੋਖਲੇ ਨੇ ਪਿਛਲੇ ਮੰਗਲਵਾਰ ਕਿਹਾ ਸੀ ਕਿ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਟਰੇਨਿੰਗ ਕੈਂਪ ‘ਤੇ ਗੈਰ-ਫ਼ੌਜੀ ਅਤੇ ਇਹਤਿਆਤੀ ਹਵਾਈ ਹਮਲੇ ਕੀਤੇ ਗਏ, ਜਿਸ ਵਿਚ ‘ਵੱਡੀ ਗਿਣਤੀ’ ਦਹਿਸ਼ਤਗਰਦ, ਟਰੇਨਰ ਅਤੇ ਸੀਨੀਅਰ ਕਮਾਂਡਰ ਮਾਰੇ ਗਏ।
ਰੱਖਿਆ ਮੰਤਰੀ ਨੇ ਹਵਾਈ ਹਮਲਿਆਂ ਨੂੰ ਆਗਾਮੀ ਲੋਕ ਸਭਾ ਚੋਣਾਂ ਨਾਲ ਜੋੜ ਕੇ ਦੇਖੇ ਜਾਣ ਤੋਂ ਵੀ ਇਨਕਾਰ ਕੀਤਾ ਹੈ। ਇੱਥੇ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨ ਧਨ ਪੈਨਸ਼ਨ ਸਕੀਮ ਦੇ ਲਾਂਚ ਮੌਕੇ ਉਨ੍ਹਾਂ ਕਿਹਾ, ”ਪੁਲਵਾਮਾ ਹਮਲੇ ਤੋਂ ਬਾਅਦ ਅਸੀਂ ਕੁਝ ਦਿਨ ਇੰਤਜ਼ਾਰ ਕਰਦੇ ਰਹੇ ਜਦੋਂ ਸਾਨੂੰ ਦਹਿਸ਼ਤੀ ਹਮਲੇ ਪਾਕਿਸਤਾਨ ਦੇ ਉਸ ਖੇਤਰ ਵਿਚੋਂ ਹੋਣ ਬਾਰੇ ਜਾਣਕਾਰੀ ਮਿਲੀ ਤਾਂ ਬਿਨਾਂ ਫੌਜੀ ਕਾਰਵਾਈ ਤੋਂ ਅਸੀਂ ਸੇਧ ਕੇ ਹਮਲੇ ਕੀਤੇ। ਹਮਲਿਆਂ ਨਾਲ ਲੋਕਾਂ ਦਾ ਜਾਂ ਆਸ-ਪਾਸ ਖੇਤਰ ਦਾ ਕੋਈ ਨੁਕਸਾਨ ਨਹੀਂ ਹੋਇਆ। ਅਸੀਂ ਇਹ ਹੀ ਕਹਿ ਰਹੇ ਹਾਂ ਕਿ ਪੁਲਵਾਮਾ ਹਮਲੇ ਤੋਂ ਬਾਅਦ ਕੀਤੇ ਹਮਲੇ ਫੌਜੀ ਕਾਰਵਾਈ ਨਹੀਂ ਸੀ।”
ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਵਲੋਂ ਦਹਿਸ਼ਤੀ ਟਰੇਨਿੰਗ ਕੈਂਪਾਂ ਬਾਰੇ ਜਾਣਕਾਰੀ ਦਿੱਤੇ ਜਾਣ ਦੇ ਬਾਵਜੂਦ ਪਾਕਿਸਤਾਨ ਵਲੋਂ ਦਹਿਸ਼ਤੀ ਸੰਗਠਨਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਸ਼ਾਂਤੀ ਵਾਰਤਾ ਦੇ ਪ੍ਰਸਤਾਵ ਬਾਰੇ ਸੀਤਾਰਾਮਨ ਨੇ ਕਿਹਾ, ”ਅਸੀਂ ਹਮੇਸ਼ਾ ਇਹ ਹੀ ਕਿਹਾ ਹੈ ਕਿ ਭਾਰਤ ਤਾਂ ਹੀ ਗੱਲਬਾਤ ਕਰੇਗਾ ਜੇਕਰ ਪਾਕਿਸਤਾਨ ਅਤਿਵਾਦ ਵਿਰੁੱਧ ਕਾਰਵਾਈ ਕਰੇਗਾ।”

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *