ਪਾਕਿਸਤਾਨ ਨੇ ਮਸੂਦ ਦੇ ਭਰਾ ਤੇ ਪੁੱਤਰ ਸਣੇ 44 ਕਾਰਕੁਨ ਗ੍ਰਿਫ਼ਤਾਰ ਕੀਤੇ

ਇਸਲਾਮਾਬਾਦ/ਪਾਕਿਸਤਾਨ ਨੇ ਮੰਗਲਵਾਰ ਨੂੰ ਪਾਬੰਦੀਸ਼ੁਦਾ ਜਥੇਬੰਦੀਆਂ ਦੇ 44 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿਚ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦਾ ਭਰਾ ਤੇ ਪੁੱਤਰ ਵੀ ਸ਼ਾਮਲ ਹਨ। ਗ੍ਰਹਿ ਮੰਤਰੀ ਸ਼ਹਰਯਾਰ ਖ਼ਾਨ ਅਫ਼ਰੀਦੀ ਨੇ ਇਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਸੁਰੱਖਿਆ ਏਜੰਸੀਆਂ ਵਲੋਂ ਕੀਤੀ ਫੜੋਫੜੀ ਤਹਿਤ ਅਜ਼ਹਰ ਦਾ ਭਰਾ ਮੁਫ਼ਤੀ ਅਬਦੁਰ ਰਊਫ ਅਤੇ ਪੁੱਤਰ ਹਮਾਦ ਅਜ਼ਹਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਭਾਰਤ ਵਲੋਂ ਮੁਹੱਈਆ ਕਰਵਾਈ ਗਈ ਮਿਸਲ ਵਿਚ ਮੁਫ਼ਤੀ ਅਬਦੁਰ ਅਤੇ ਹਮਾਦ ਅਜ਼ਹਰ ਦੇ ਨਾਂ ਸ਼ਾਮਲ ਸਨ। ਉਂਜ, ਉਨ੍ਹਾਂ ਆਖਿਆ ਕਿ ਇਹ ਕਾਰਵਾਈ ਕਿਸੇ ਦਬਾਅ ਹੇਠ ਨਹੀਂ ਕੀਤੀ ਜਾ ਰਹੀ। ਪਾਕਿਸਤਾਨ ਆਪਣੀ ਸਰਜ਼ਮੀਨ ਕਿਸੇ ਮੁਲਕ ਦੇ ਖਿਲਾਫ਼ ਵਰਤਣ ਦੀ ਖੁੱਲ੍ਹ ਨਹੀਂ ਦੇਵੇਗਾ। ਉਨ੍ਹਾਂ ਆਖਿਆ ਕਿ ਸਾਰੀਆਂ ਪਾਬੰਦੀਸ਼ੁਦਾ ਜਥੇਬੰਦੀਆਂ ਖਿਲਾਫ਼ ਦੋ ਹਫ਼ਤੇ ਕਾਰਵਾਈ ਜਾਰੀ ਰਹੇਗੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਪਾਕਿਸਤਾਨ ਨੇ ਵੱਖ ਵੱਖ ਵਿਅਕਤੀਆਂ ਅਤੇ ਜਥੇਬੰਦੀਆਂ ਖਿਲਾਫ਼ ਲਗਾਈਆਂ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਨੂੰ ਅਮਲ ਵਿਚ ਲਿਆਉਣ ਲਈ ਇਕ ਕਾਨੂੰਨੀ ਫ਼ਰਮਾਨ ਜਾਰੀ ਕੀਤਾ ਸੀ। ਇਸ ਦੀ ਵਜਾਹਤ ਕਰਦਿਆਂ ਵਿਦੇਸ਼ ਵਿਭਾਗ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਆਖਿਆ ਕਿ ਸਰਕਾਰ ਨੇ ਸਾਰੀਆਂ ਪਾਬੰਦੀਸ਼ੁਦਾ ਜਥੇਬੰਦੀਆਂ ਦੇ ਅਸਾਸੇ ਅਤੇ ਸੰਪਤੀਆਂ ਆਪਣੇ ਕਬਜ਼ੇ ਹੇਠ ਲੈ ਲਈਆਂ ਹਨ।
ਇਸ ਦੌਰਾਨ ਪਾਕਿਸਤਾਨ ਵਿਚ ਜੈਸ਼-ਏ-ਮੁਹੰਮਦ ਦੇ ਮੈਂਬਰਾਂ ਸਣੇ 44 ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਰਿਪੋਰਟਾਂ ‘ਤੇ ਭਾਰਤੀ ਸੁਰੱਖਿਆ ਏਜੰਸੀਆਂ ਨੇ ਕੋਈ ਬਹੁਤੀ ਪ੍ਰਤੀਕਿਰਿਆ ਨਹੀਂ ਦਿਖਾਈ ਅਤੇ ਅਫ਼ਸਰਾਂ ਦਾ ਕਹਿਣਾ ਹੈ ਕਿ ਦਹਿਸ਼ਤਗਰਦਾਂ ਨੂੰ ਦਹਿਸ਼ਤਗਰਦੀ ਵਿਰੋਧੀ ਕਾਨੂੰਨ ਤਹਿਤ ਗ੍ਰਿਫ਼ਤਾਰ ਨਹੀਂਂ ਕੀਤਾ ਗਿਆ ਸਗੋਂ ਜਾਂਚ ਦੇ ਮੰਤਵ ਲਈ ਹਿਰਾਸਤ ਵਿਚ ਲਿਆ ਗਿਆ ਹੈ। ਪਾਕਿਸਤਾਨ ਵਲੋਂ ਬੀਤੇ ‘ਚ ਵੀ ਅਜਿਹਾ ਕੀਤਾ ਜਾਂਦਾ ਰਿਹਾ ਹੈ, ਪਰ ਬਾਅਦ ਵਿਚ ਆਨੇ ਬਹਾਨੇ ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ। ਅਫ਼ਸਰਾਂ ਦਾ ਖਿਆਲ ਹੈ ਕਿ ਸੰਭਵ ਹੈ ਕਿ ਪਾਕਿਸਤਾਨੀ ਫ਼ੌਜ ਅਜਿਹੇ ਦਹਿਸ਼ਤਗਰਦਾਂ ਨੂੰ ਸੁਰੱਖਿਆ ਮੁਹੱਈਆ ਕਰਾਉਣੀ ਚਾਹੁੰਦੀ ਹੋਵੇ ਕਿਉਂਕਿ ਪਿਛਲੇ ਦਿਨੀ ਬਾਲਾਕੋਟ ਵਿਚ ਭਾਰਤੀ ਹਵਾਈ ਫ਼ੌਜ ਦੇ ਹਮਲੇ ਤੋਂ ਬਾਅਦ ਉੱਥੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਪਾਕਿਸਤਾਨ ਵੱਲੋਂ ਭਾਰਤੀ ਪਣਡੁੱਬੀ ਰੋਕਣ ਦਾ ਦਾਅਵਾ
ਇਸ ਦੌਰਾਨ ਪਾਕਿਸਤਾਨੀ ਨੇਵੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਇਕ ਭਾਰਤੀ ਪਣਡੁੱਬੀ ਵਲੋਂ ਦੇਸ਼ ਦੇ ਜਲ ਖੇਤਰ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਨਾਕਾਮ ਬਣਾ ਦਿੱਤੀ ਹੈ। ਪਾਕਿਸਤਾਨ ਨੇਵੀ ਨੇ ਮੀਡੀਆ ਨਾਲ ਇਕ ਫੁਟੇਜ ਵੀ ਸਾਂਝੀ ਕੀਤੀ ਹੈ ਜੋ 4 ਮਾਰਚ ਨੂੰ ਰਾਤੀਂ 8.35 ਵਜੇ ਦੀ ਬਣੀ ਹੈ। ਇਕ ਤਰਜਮਾਨ ਨੇ ਬਿਆਨ ਵਿਚ ਦੱਸਿਆ ” ਪਾਕਿਸਤਾਨ ਨੇਵੀ ਨੇ ਪਣਡੁੱਬੀ ਨੂੰ ਪਰ੍ਹੇ ਰੱਖਣ ਲਈ ਆਪਣੇ ਵਿਸ਼ੇਸ਼ ਹੁਨਰ ਦਾ ਇਸਤੇਮਾਲ ਕਰਦਿਆਂ ਇਸ ਨੂੰ ਪਾਕਿਸਤਾਨੀ ਜਲ ਖੇਤਰ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ।” ਉਸ ਨੇ ਕਿਹਾ ਕਿ ਪਾਕਿਸਤਾਨ ਨੇ ਸ਼ਾਂਤੀ ਕਾਇਮ ਰੱਖਣ ਦੀ ਆਪਣੀ ਨੀਤੀ ਤਹਿਤ ਭਾਰਤੀ ਪਣਡੁੱਬੀ ਨੂੰ ਨਿਸ਼ਾਨਾ ਨਹੀਂ ਬਣਾਇਆ। ਉਸ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੇਵੀ ਆਪਣੇ ਜਲ ਖੇਤਰ ਦੀ ਰਾਖੀ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਕਿਸੇ ਵੀ ਕਿਸਮ ਦੇ ਹਮਲੇ ਦਾ ਪੂਰੀ ਤਾਕਤ ਨਾਲ ਜਵਾਬ ਦੇਣ ਦੇ ਸਮੱਰਥ ਹੈ। ਇਸ ਦੌਰਾਨ, ਭਾਰਤੀ ਨੇਵੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਪਾਕਿਸਤਾਨ ਦਾ ਇਹ ਦਾਅਵਾ ਪ੍ਰਾਪੇਗੰਡਾ ਹੈ ਕਿ ਉਸ ਨੇ ਇਕ ਭਾਰਤੀ ਪਣਡੁੱਬੀ ਨੂੰ ਆਪਣੇ ਜਲ ਖੇਤਰ ਵਿਚ ਦਾਖ਼ਲ ਹੋਣ ਤੋਂ ਰੋਕਿਆ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *