ਜੇਲ੍ਹ ਨਾਲੋਂ ਵੱਧ ਹਸਪਤਾਲ ‘ਚ ਰਹਿੰਦਾ ਹੈ ਨਿਰਮਲ ਭੰਗੂ

ਬਠਿੰਡਾ/ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਭੰਗੂ ਨੇ ਐਤਕੀਂ ਬਠਿੰਡਾ ਜੇਲ੍ਹ ਵਿੱਚ ਇੱਕ ਹਫ਼ਤਾ ਬਿਤਾਇਆ। ਹਫ਼ਤੇ ਮਗਰੋਂ ਉਹ ਮੁੜ ਮੁਹਾਲੀ ਦੇ ਹਸਪਤਾਲ ਵਿਚ ਚੈੱਕਅੱਪ ਕਰਾਉਣ ਚਲਾ ਗਿਆ ਹੈ। ਜਾਣਕਾਰੀ ਅਨੁਸਾਰ ਨਿਰਮਲ ਭੰਗੂ ਕਾਫ਼ੀ ਸਮੇਂ ਮਗਰੋਂ 22 ਫਰਵਰੀ ਨੂੰ ਬਠਿੰਡਾ ਜੇਲ੍ਹ ਪੁੱਜਿਆ ਸੀ ਅਤੇ ਪਹਿਲੀ ਮਾਰਚ ਨੂੰ ਮੁੜ ਮੁਹਾਲੀ ਹਸਪਤਾਲ ਚਲਾ ਗਿਆ। ਬਠਿੰਡਾ ਪੁਲੀਸ ਦੇ ਚਾਰ ਮੁਲਾਜ਼ਮ ਵੀ ਉਸ ਨਾਲ ਮੁਹਾਲੀ ਦੇ ਹਸਪਤਾਲ ਵਿਚ ਤਾਇਨਾਤ ਹਨ। ਇਨ੍ਹਾਂ ਮੁਲਾਜ਼ਮਾਂ ਦਾ ਖ਼ਰਚਾ 45 ਲੱਖ ਰੁਪਏ ਸਾਲਾਨਾ ਹੈ। ਕੇਂਦਰੀ ਜੇਲ੍ਹ ਬਠਿੰਡਾ ‘ਚ ਨਿਰਮਲ ਭੰਗੂ 13 ਜੂਨ 2016 ਨੂੰ ਬਤੌਰ ਹਵਾਲਾਤੀ ਆਇਆ ਸੀ ਅਤੇ ਅਗਲੇ ਹੀ ਦਿਨ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ‘ਚ ਇਲਾਜ ਲਈ ਚਲਾ ਗਿਆ ਸੀ। ਮੁਹਾਲੀ ਹਸਪਤਾਲ ਦੇ ਵੀæਆਈæਪੀ ਰੂਮ ਨੰਬਰ 309 ਵਿਚ ਰਹਿ ਕੇ ਭੰਗੂ ਆਪਣਾ ਇਲਾਜ ਕਰਾ ਰਿਹਾ ਹੈ। ਜਦੋਂ ਤੋਂ ਨਿਰਮਲ ਭੰਗੂ ਬਠਿੰਡਾ ਜੇਲ੍ਹ ਵਿਚ ਆਇਆ ਹੈ, ਉਦੋਂ ਤੋਂ ਹੁਣ ਤੱਕ ਉਸਦਾ ਹਵਾਲਾਤ ਦਾ ਸਮਾਂ 990 ਦਿਨ ਬਣਦਾ ਹੈ, ਜਿਸ ‘ਚੋਂ ਉਸ ਨੇ 678 ਦਿਨ ਮੁਹਾਲੀ ਹਸਪਤਾਲ ਵਿਚ ਬਿਤਾਏ ਹਨ ਅਤੇ ਜੇਲ੍ਹ ‘ਚ ਸਿਰਫ਼ 312 ਦਿਨ ਹੀ ਕੱਟੇ ਹਨ। ਦੱਸਣਯੋਗ ਹੈ ਕਿ ਥਾਣਾ ਥਰਮਲ ਬਠਿੰਡਾ ਵਿਚ ਪਹਿਲੀ ਜੂਨ 2016 ਨੂੰ ਪਰਲਜ਼ ਗੋਲਡਨ ਫਾਰੈਸਟ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਨਿਰਮਲ ਭੰਗੂ ਵਗ਼ੈਰਾ ਖ਼ਿਲਾਫ਼ ਧਾਰਾ 406, 420 ਤਹਿਤ ਕੇਸ ਦਰਜ ਹੋਇਆ ਸੀ। ਭੰਗੂ ਖ਼ਿਲਾਫ਼ ਸੀæਬੀæਆਈæ ਨੇ 45 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਦਾ ਫਰਵਰੀ 2014 ਵਿਚ ਕੇਸ ਦਰਜ ਕੀਤਾ ਸੀ, ਜਿਸ ਸਬੰਧੀ ਉਹ ਤਿਹਾੜ ਜੇਲ੍ਹ ਵਿਚ ਬੰਦ ਸੀ। ਤਿਹਾੜ ਜੇਲ੍ਹ ਤੋਂ ਹੀ ਪੰਜਾਬ ਪੁਲੀਸ ਭੰਗੂ ਨੂੰ ਬਠਿੰਡਾ ਜੇਲ੍ਹ ਲੈ ਆਈ ਸੀ।
ਪਰਲਜ਼ ਪੀੜਤਾਂ ਦੀ ਇਨਸਾਫ਼ ਦੀ ਆਵਾਜ਼ ਸੰਸਥਾ ਦੇ ਪੰਜਾਬ ਪ੍ਰਧਾਨ ਗੁਰਤੇਜ ਸਿੰਘ ਬਹਿਮਣ ਦਾ ਕਹਿਣਾ ਹੈ ਕਿ ਪਰਲਜ਼ ਤੋਂ ਪੀੜਤ ਕਰੀਬ 25 ਲੱਖ ਲੋਕਾਂ ਦੀ ਜ਼ਿੰਦਗੀ ਨਰਕ ਬਣੀ ਹੋਈ ਹੈ ਅਤੇ ਉਹ ਧਰਨੇ ਮੁਜ਼ਾਹਰੇ ਕਰਕੇ ਇਨਸਾਫ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਯੋਜਨਾ ਤਹਿਤ ਹੀ ਭੰਗੂ ਨੂੰ ਤਿਹਾੜ ਤੋਂ ਬਠਿੰਡਾ ਲਿਆਂਦਾ ਗਿਆ ਹੈ।
ਬਠਿੰਡਾ ਜੇਲ੍ਹ ਦੇ ਸੁਪਰਡੈਂਟ ਸੁਖਵਿੰਦਰ ਸਿੰਘ ਸਹੋਤਾ ਦਾ ਕਹਿਣਾ ਹੈ ਕਿ ਨਿਰਮਲ ਭੰਗੂ ਮੁਹਾਲੀ ਹਸਪਤਾਲ ਚੈੱਕਅੱਪ ਲਈ ਗਿਆ ਹੈ ਅਤੇ ਉਸ ਨੂੰ ਗੁਰਦਿਆਂ ਦੀ ਸਮੱਸਿਆ ਹੈ। ਉਨ੍ਹਾਂ ਦੱਸਿਆ ਕਿ ਹਫ਼ਤੇ ਤੋਂ ਜ਼ਿਆਦਾ ਸਮਾਂ ਭੰਗੂ ਜੇਲ੍ਹ ਵਿਚ ਰਿਹਾ ਹੈ।
ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਨਿਰਮਲ ਭੰਗੂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਇਲਾਜ ਲਈ ਰਾਹਤ ਮਿਲੀ ਹੋਈ ਹੈ, ਜਿਸ ਕਰਕੇ ਅਦਾਲਤੀ ਹੁਕਮਾਂ ਦੀ ਪਾਲਣਾ ਤਹਿਤ ਭੰਗੂ ਨੂੰ ਚੈੱਕਅੱਪ ਵਗੈਰਾ ਲਈ ਭੇਜਿਆ ਜਾਂਦਾ ਹੈ। ਸਰਕਾਰ ਤਰਫ਼ੋਂ ਕਿਸੇ ਖਾਸ ਨੂੰ ਅਜਿਹੀ ਕੋਈ ਰਿਆਇਤ ਨਹੀਂ ਦਿੱਤੀ ਗਈ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *