ਬਾਲਾਕੋਟ ਹਮਲੇ ਵਿਚ ਸਿਰਫ 30 ਦਹਿਸ਼ਤਗਰਦਾਂ ਦੇ ਮਾਰੇ ਜਾਣ ਦੀ  ਪੁਸ਼ਟੀ ਹੋਈ

ਨਵੀਂ ਦਿੱਲੀ/ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਬਾਲਾਕੋਟ ਸਥਿਤ ਜੈਸ਼-ਏ-ਮੁਹੰਮਦ ਦੇ ਦਹਿਸ਼ਤੀ ਕੈਂਪ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲਿਆਂ ਵਿੱਚ ਆਈਐਸਆਈ ਦੇ ਕਰਨਲ ਸਮੇਤ ਤਿੰਨ ਅਹਿਮ ਕਾਰਕੁਨ ਮਾਰੇ ਗਏ ਹਨ। ਇਨ੍ਹਾਂ ਕਾਰਕੁਨਾਂ ਵਿੱਚ ਜੈਸ਼ ਮੁਖੀ ਅਜ਼ਹਰ ਮਹਿਮੂਦ ਵੀ ਸ਼ਾਮਲ ਦੱਸਿਆ ਜਾਂਦਾ ਹੈ, ਪਰ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਲੰਘੇ ਦਿਨ ਜੈਸ਼ ਮੁਖੀ ਦੇ ਹਸਪਤਾਲ ਵਿੱਚ ਇਲਾਜ ਅਧੀਨ ਹੋਣ ਦੀ ਗੱਲ ਕਹੀ ਸੀ। ਸੂਤਰਾਂ ਨੇ ਬਾਲਾਕੋਟ ਹਮਲਿਆਂ ਵਿੱਚ 30 ਦਹਿਸ਼ਤਗਰਦਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਭਾਰਤੀ ਹਵਾਈ ਹਮਲੇ ਵਿੱਚ ਮਾਰੇ ਗਏ ਦੋ ਹੋਰਨਾਂ ਆਈਐਸਆਈ ਕਾਰਕੁਨਾਂ ਵਿੱਚ ਕਰਨਲ ਸਲੀਮ ਕਾਰੀ ਤੇ ਜੈਸ਼ ਦੇ ਟਰੇਨਰ ਮੌਲਾਨਾ ਮੋਈਨ ਸ਼ਾਮਲ ਹਨ। ਮੋਈਨ ਹੀ ਉਹ ਸਖ਼ਸ ਹੈ, ਜਿਸ ਨੇ ਪੁਲਵਾਮਾ ਹਮਲੇ ਨੂੰ ਅੰਜਾਮ ਦੇਣ ਵਾਲੇ ਫਿਦਾਈਨ ਆਦਿਲ ਡਾਰ ਨੂੰ ਸਿਖਲਾਈ ਦਿੱਤੀ ਸੀ। ਕਰਨਲ ਕਾਰੀ ਪਿਛਲੇ ਤਿੰਨ ਦਹਾਕਿਆਂ ਤੋਂ ਫਿਦਾਈਨਾਂ ਦੀ ਤਿੰਨ ਪੀੜ੍ਹੀਆਂ, ਜਿਨ੍ਹਾਂ ਭਾਰਤ ਤੇ ਅਫ਼ਗ਼ਾਨਿਸਤਾਨ ਵਿੱਚ ਫਿਦਾਈਨ ਹਮਲਿਆਂ ਨੂੰ ਅੰਜਾਮ ਦਿੱਤਾ ਹੈ, ਨੂੰ ਸਿਖਲਾਈ ਦੇ ਚੁੱਕਾ ਹੈ। ਸੂਤਰਾਂ ਮੁਤਾਬਕ ਆਈਐਸਆਈ ਦਾ ਇਹ ਅਧਿਕਾਰੀ ਜੈਸ਼ ਦੇ ਕੈਂਪ ਵਿੱਚ ਹੀ ਰਹਿੰਦਾ ਸੀ। ਸਿਖਰਲੇ ਸੂਤਰਾਂ ਨੇ ਬਾਲਾਕੋਟ ਹਵਾਈ ਹਮਲੇ ਵਿੱਚ 30 ਦੇ ਕਰੀਬ ਦਹਿਸ਼ਤਗਰਦਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਭਾਰਤੀ ਮੀਡੀਆ ਨੇ ਹਵਾਈ ਹਮਲਿਆਂ ਵਿੱਚ 250 ਤੋਂ 300 ਦਹਿਸ਼ਤਗਰਦਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਸੀ।
ਹਵਾਈ ਹਮਲਿਆਂ ਦੌਰਾਨ ਪਹਾੜੀ ਦੀ ਚੋਟੀ ‘ਤੇ ਬਣੇ ਦਹਿਸ਼ਤੀਆਂ ਲਈ ਸੁਰੱਖਿਅਤ ਕਹੇ ਜਾਂਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਨ੍ਹਾਂ ਘਰਾਂ ਦੀਆ ਛੱਤਾਂ ਲੋਹੇ ਦੀਆਂ ਸਨ, ਜੋ ਹਮਲੇ ਨਾਲ ਤਬਾਹ ਹੋ ਗਈਆਂ। ਸੂਤਰਾਂ ਨੇ ਕਿਹਾ ਕਿ ਬਾਲਾਕੋਟ ਕੈਂਪ ਵਿੱਚ ਆਮ ਕਰਕੇ 250 ਤੋਂ 300 ਦਹਿਸ਼ਤਗਰਦ ਮੌਜੂਦ ਹੁੰਦੇ ਹਨ, ਪਰ ਪਾਕਿਸਤਾਨ ਨੇ ਸੰਭਾਵੀ ਹਮਲੇ ਦੇ ਮੱਦੇਨਜ਼ਰ ਇਨ੍ਹਾਂ ਵਿੱਚੋਂ ਬਹੁਤਿਆਂ ਨੂੰ ਉਥੋਂ ਤਬਦੀਲ ਕਰ ਦਿੱਤਾ ਸੀ। ਹਮਲੇ ਦੀ ਰਾਤ (26 ਫਰਵਰੀ) ਨੂੰ ਕੈਂਪ ਵਿੱਚ 80 ਤੋਂ 100 ਦਹਿਸ਼ਤਗਰਦ ਮੌਜੂਦ ਸਨ। ਹਮਲਿਆਂ ਵਿੱਚ ਤਿੰਨ ਸੌ ਦਹਿਸ਼ਤਗਰਦ ਮਾਰੇ ਜਾਣ ਦੇ ਭਾਰਤੀ ਮੀਡੀਆ ਦੇ ਦਾਅਵਿਆਂ ਦੀ ਨਾ ਭਾਰਤ ਸਰਕਾਰ ਤੇ ਨਾ ਹੀ ਭਾਰਤੀ ਹਵਾਈ ਫੌਜ ਨੇ ਪੁਸ਼ਟੀ ਕੀਤੀ ਸੀ।
ਸੂਤਰਾਂ ਨੇ ਕਿਹਾ ਕਿ ਭਾਰਤ ਕੋਲ ਅਜਿਹੀਆਂ ਰਿਪੋਰਟਾਂ ਸਨ ਕਿ ਜੈਸ਼ ਜਵਾਬੀ ਹਮਲੇ ਵਿੱਚ ਭਾਰਤ ਦੇ ਅਫ਼ਗ਼ਾਨਿਸਤਾਨ ਸਥਿਤ ਸਫ਼ਾਰਤਖਾਨੇ ਅਤੇ ਹੇਰਾਤ ਤੇ ਮਜ਼ਾਰ-ਏ-ਸ਼ਰੀਫ਼ ਵਿਚਲੇ ਕੌਂਸਲਖ਼ਾਨਿਆਂ ਨੂੰ ਨਿਸ਼ਾਨਾ ਬਣਾ ਸਕਦਾ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *