ਭਾਰਤ ਨੇ ਆਸਟਰੇਲੀਆ ਨੂੰ ਹਰਾਇਆ

ਹੈਦਰਾਬਾਦ/ਸੁਪਰ ਫਿਨੀਸ਼ਰ ਮਹਿੰਦਰ ਸਿੰਘ ਧੋਨੀ ਤੇ ਕੇਦਾਰ ਜਾਧਵ ਵੱਲੋਂ ਖੇਡੀਆਂ ਗਈਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਭਾਰਤ ਨੇ ਇੱਥੇ ਪਹਿਲੇ ਇੱਕ ਰੋਜ਼ਾ ਕ੍ਰਿਕਟ ਮੈਚ ‘ਚ ਆਸਟਰੇਲੀਆ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਅੱਗੇ ਵੱਡਾ ਟੀਚਾ ਨਹੀਂ ਸੀ, ਪਰ ਕਪਤਾਨ ਵਿਰਾਟ ਕੋਹਲੀ (45 ਗੇਂਦਾਂ ‘ਤੇ 44 ਦੌੜਾਂ) ਸਮੇਤ ਸਿਖਰਲੇ ਕ੍ਰਮ ਦੀਆਂ ਚਾਰ ਵਿਕਟਾਂ 99 ਦੌੜਾਂ ‘ਤੇ ਹੀ ਡਿੱਗ ਜਾਣ ਕਾਰਨ ਉਹ ਬੈੱਕਫੁਟ ‘ਤੇ ਸੀ। ਧੋਨੀ (72 ਗੇਂਦਾਂ ‘ਤੇ ਨਾਬਾਦ 59 ਦੌੜਾਂ) ਅਤੇ ਜਾਧਵ (87 ਗੇਂਦਾਂ ‘ਤੇ ਨਾਬਾਦ 81 ਦੌੜਾਂ) ਨੇ ਅਜਿਹੇ ਹਾਲਾਤ ਮੁਤਾਬਕ ਬੱਲੇਬਾਜ਼ੀ ਕਰਦਿਆਂ ਪੰਜਵੀਂ ਵਿਕਟ ਲਈ 141 ਦੌੜਾਂ ਦੀ ਅਟੁੱਟ ਭਾਈਵਾਲੀ ਕੀਤੀ। ਇਸ ਨਾਲ ਭਾਰਤ ਚਾਰ ਵਿਕਟਾਂ ‘ਤੇ 240 ਦੌੜਾਂ ਬਣਾ ਕੇ ਜਿੱਤ ਦਰਜ ਕਰਨ ਅਤੇ ਪੰਜ ਮੈਚਾਂ ਦੀ ਲੜੀ ‘ਚ ਸ਼ੁਰੂਆਤੀ ਲੀਡ ਹਾਸਲ ਕਰਨ ‘ਚ ਕਾਮਯਾਬ ਰਿਹਾ।
ਸਿਖਰਲੇ ਕ੍ਰਮ ‘ਚ ਕੋਹਲੀ ਨੂੰ ਛੱਡ ਕੇ ਕੋਈ ਵੀ ਭਾਰਤੀ ਬੱਲੇਬਾਜ਼ ਸਹਿਜ ਦਿਖਾਈ ਨਹੀਂ ਦਿੱਤਾ, ਇੱਥੋਂ ਤੱਕ ਕਿ ਰੋਹਿਤ ਸ਼ਰਮਾ (66 ਗੇਂਦਾਂ ‘ਚ 37) ਵੀ ਖੁੱਲ੍ਹ ਕੇ ਨਹੀਂ ਖੇਡ ਸਕਿਆ। ਉਸ ਨੇ ਸ਼ਿਖਰ ਧਵਨ ਦੇ ਦੂਜੇ ਓਵਰ ‘ਚ ਆਊਟ ਹੋ ਜਾਣ ਮਗਰੋਂ ਕੋਹਲੀ ਨਾਲ ਮਿਲ ਕੇ ਦੂਜੀ ਵਿਕਟ ਲਈ 76 ਦੌੜਾਂ ਜੋੜੀਆਂ। ਅੰਬਾਟੀ ਰਾਇਡੂ 13 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਮਗਰੋਂ ਮਹਿੰਦਰ ਸਿੰਘ ਧੋਨੀ ਤੇ ਕੇਦਾਰ ਜਾਧਵ ਨੇ ਪਾਰੀ ਸੰਭਾਲੀ ਦੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।
ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਮੁਜ਼ਾਹਰਾ ਕਰਦਿਆਂ ਆਸਟਰੇਲੀਆ ਨੂੰ ਸੱਤ ਵਿਕਟਾਂ ‘ਤੇ 236 ਦੌੜਾਂ ਹੀ ਬਣਾਉਣ ਦਿੱਤੀਆਂ। ਭਾਰਤ ਵੱਲੋਂ ਮੁਹੰਮਦ ਸ਼ਮੀ ਸਭ ਤੋਂ ਕਾਮਯਾਬ ਗੇਂਦਬਾਜ਼ ਰਿਹਾ। ਉਸ ਨੇ 10 ਓਵਰਾਂ ‘ਚ 44 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਜਸਪ੍ਰੀਤ ਬਮਰਾ (ਦਸ ਓਵਰਾਂ ‘ਚ 60 ਦੌੜਾਂ ਦੇ ਕੇ ਦੋ ਵਿਕਟਾਂ) ਥੋੜ੍ਹਾ ਮਹਿੰਗਾ ਸਾਬਤ ਹੋਇਆ ਪਰ ਕੁਲਦੀਪ ਯਾਦਵ (10 ਓਵਰਾਂ ‘ਚ 46 ਦੌੜਾਂ ਦੇ ਕੇ ਦੋ ਵਿਕਟਾਂ), ਰਵਿੰਦਰ ਜਡੇਜਾ (10 ਓਵਰਾਂ ‘ਚ 33 ਦੌੜਾਂ) ਅਤੇ ਕੇਦਾਰ ਜਾਧਵ (7 ਓਵਰਾਂ ‘ਚ 31 ਦੌੜਾਂ ਦੇ ਕੇ ਇੱਕ ਵਿਕਟ) ਨੇ ਉਹ ਘਾਟਾ ਪੂਰਾ ਕਰ ਦਿੱਤਾ। ਆਸਟਰੇਲੀਆ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਉਸਮਾਨ ਖਵਾਜਾ (76 ਗੇਂਦਾਂ ‘ਤੇ 50 ਦੌੜਾਂ) ਅਤੇ ਗਲੇਨ ਮੈਕਸਵੈੱਲ (40) ਵੀ ਭਾਰਤੀ ਹਮਲੇ ਦਾ ਸਹਿਜ ਹੋ ਕੇ ਸਾਹਮਣਾ ਨਹੀਂ ਕਰ ਸਕੇ। 169 ਗੇਂਦਾਂ ਅਜਿਹੀਆਂ ਰਹੀਆਂ ਜਿਨ੍ਹਾਂ ‘ਤੇ ਆਸਟਰੇਲਿਆਈ ਖਿਡਾਰੀ ਦੌੜ ਨਹੀਂ ਬਣਾ ਸਕੇ। ਆਸਟਰੇਲੀਆ ਵੱਲੋਂ ਹੋਰਨਾਂ ਬੱਲੇਬਾਜ਼ਾਂ ‘ਚ ਮਾਰਕਸ ਸਟੋਈਨਿਸ ਨੇ 53 ਗੇਂਦਾਂ ‘ਚ 37 ਦੌੜਾਂ, ਕਪਤਾਨ ਆਰੋਨ ਫਿੰਚ ਨੇ 0, ਪੀਟਰ ਹੈਂਡਸਕਾਂਬ ਨੇ 19 ਦੌੜਾਂ, ਐਸਟਨ ਟਰਨਰ ਨੇ 21 ਦੌੜਾਂ, ਅਲੈਕਸ ਕੈਰੀ ਨੇ ਨਾਬਾਦ 36 ਅਤੇ ਨਾਥਨ ਕੂਲਟਰ ਨਾਈਲ ਨੇ 28 ਦੌੜਾਂ ਦਾ ਯੋਗਦਾਨ ਪਾਇਆ।

 

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *