ਬਜਰੰਗ ਪੂਨੀਆ ਨੇ ਬੁਲਗਾਰੀਆ ‘ਚ ਸੋਨ ਤਗ਼ਮਾ ਜਿੱਤਿਆ


ਵਿਨੇਸ਼ ਫੋਗਟ ਨੂੰ ਚਾਂਦੀ ਦੇ ਤਗ਼ਮੇ ‘ਤੇ ਸਬਰ ਕਰਨਾ ਪਿਆ
ਨਵੀਂ ਦਿੱਲੀ/ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਨੇ ਬੁਲਗਾਰੀਆ ਦੇ ਡਾਨ ਕੋਲੋਵ-ਨਿਕੋਲਾ ਪੈਤਰੋਵ ਟੂਰਨਾਮੈਂਟ ਵਿਚ ਸੋਨ ਤਗ਼ਮਾ ਜਿੱਤਿਆ ਹੈ। ਜਦਕਿ ਏਸ਼ਿਆਈ ਖੇਡਾਂ ਵਿਚ ਸੋਨ ਤਗ਼ਮਾ ਜੇਤੂ ਵਿਨੇਸ਼ ਫੋਗਾਟ ਮਹਿਲਾਵਾਂ ਦੇ 53 ਕਿਲੋਗ੍ਰਾਮ ਫ੍ਰੀਸਟਾਈਲ ਦੇ ਫਾਈਨਲ ਵਿਚ ਚੀਨ ਦੀ ਪਹਿਲਵਾਨ ਤੋਂ 2-9 ਨਾਲ ਮਾਤ ਖਾ ਗਈ ਤੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਵਿਨੇਸ਼ ਸ਼ਨਿਚਰਵਾਰ ਦੇ ਮੁਕਾਬਲੇ ਵਾਲੀ ਕਾਰਗੁਜ਼ਾਰੀ ਫਾਈਨਲ ਵਿਚ ਦੁਹਰਾ ਨਹੀਂ ਸਕੀ। ਫੋਗਾਟ ਨੇ ਸੈਮੀਫਾਈਨਲ ਦੀ ਜਿੱਤ ਤੋਂ ਬਾਅਦ ਕਿਹਾ ਸੀ ਕਿ ਉਸ ਨੂੰ ਸਰੀਰ ਦੇ ਉਤਲੇ ਹਿੱਸੇ ‘ਤੇ ਕੰਮ ਕਰਨ ਦੀ ਲੋੜ ਹੈ ਕਿਉਂਕਿ ਵਿਰੋਧੀ ਇਸ ਨੁਕਤੇ ਤੋਂ ਮਜ਼ਬੂਤ ਹਨ।
ਬਜਰੰਗ ਨੇ ਇਸ ਜਿੱਤ ਨੂੰ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਸਮਰਪਿਤ ਕੀਤਾ ਹੈ। ਪੂਨੀਆ ਨੇ ਜਿੱਤ ਤੋਂ ਬਾਅਦ ਟਵੀਟ ਕੀਤਾ ਕਿ ਉਨ੍ਹਾਂ ਨੂੰ ਵਿੰਗ ਕਮਾਂਡਰ ਨੇ ਪ੍ਰੇਰਿਤ ਕੀਤਾ ਹੈ ਤੇ ਉਹ ਤਗ਼ਮਾ ਉਨ੍ਹਾਂ ਨੂੰ ਸਮਰਪਿਤ ਕਰ ਕੇ ਸਿਜਦਾ ਕਰਦੇ ਹਨ।
ਪੂਨੀਆ ਨੇ ਕਿਹਾ ਕਿ ਉਹ ਅਭਿਨੰਦਨ ਨੂੰ ਮਿਲਣਾ ਚਾਹੁੰਦੇ ਹਨ। ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗ਼ਮਾ ਜੇਤੂ ਪੂਨੀਆ ਨੇ 65 ਕਿਲੋਗ੍ਰਾਮ ਫ੍ਰੀ ਸਟਾਈਲ ਦੇ ਫਾਈਨਲ ਵਿਚ ਅਮਰੀਕਾ ਦੇ ਜੌਰਡਨ ਓਲੀਵਰ ਨੂੰ 12-3 ਦੇ ਵੱਡੇ ਫ਼ਰਕ ਨਾਲ ਮਾਤ ਦਿੱਤੀ। ਭਾਰਤੀ ਪਹਿਲਵਾਨ ਨੇ ਟੂਰਨਾਮੈਂਟ ਵਿਚ ਸਭ ਤੋਂ ਜ਼ਿਆਦਾ ਰੈਂਕਿੰਗ ਅੰਕ ਵੀ ਹਾਸਲ ਕੀਤੇ। ਪੂਨੀਆ ਨੇ ਪਿਛਲੇ ਵਰ੍ਹੇ ਰਾਸ਼ਟਰਮੰਡਲ ਖੇਡਾਂ ਤੇ ਏਸ਼ਿਆਈ ਖੇਡਾਂ ਵਿਚ ਸੋਨ ਤਗ਼ਮਾ ਜਿੱਤਿਆ ਸੀ। ਉਨ੍ਹਾਂ ਪਿਛਲੇ ਸਾਲ ਟੂਰਨਾਮੈਂਟਾਂ ਵਿਚ ਚਾਰ ਸੋਨ ਤਗ਼ਮੇ ਤੇ ਇਕ ਚਾਂਦੀ ਦਾ ਤਗ਼ਮਾ ਜਿੱਤਿਆ ਹੈ।
ਇਹ ਪੂਨੀਆ ਦਾ ਦਸਵਾਂ ਤਗ਼ਮਾ ਹੈ ਜੋ ਉਨ੍ਹਾਂ ਐਨੇ ਹੀ ਕੌਮਾਂਤਰੀ ਟੂਰਨਾਮੈਂਟ ਵਿਚ ਹਾਸਲ ਕੀਤਾ ਹੈ। ਇਨ੍ਹਾਂ ਦਸ ਟੂਰਨਾਮੈਂਟਾਂ ਤੋਂ ਪਹਿਲਾਂ ਉਹ ਪੈਰਿਸ ਵਿਚ 2017 ਵਿਸ਼ਵ ਚੈਂਪੀਅਨਸ਼ਿਪ ਵਿਚ ਪੋਡੀਅਮ ਸਥਾਨ ਲੈਣ ਵਿਚ ਅਸਫ਼ਲ ਰਹੇ ਸਨ। ਉਨ੍ਹਾਂ ਤੋਂ ਪਹਿਲਾਂ ਪੂਜਾ ਢਾਂਡਾ ਨੇ ਮਹਿਲਾਵਾਂ ਦੇ 59 ਕਿਲੋਗ੍ਰਾਮ ਵਰਗ ਵਿਚ ਸੋਨ ਤਗ਼ਮਾ ਤੇ ਸਾਕਸ਼ੀ ਮਲਿਕ ਨੇ 65 ਕਿਲੋਗ੍ਰਾਮ ਫ੍ਰੀ ਸਟਾਈਲ ਮੁਕਾਬਲੇ ਵਿਚ ਚਾਂਦੀ ਦਾ ਤਗ਼ਮਾ ਆਪਣੇ ਨਾਂ ਕੀਤਾ ਹੈ।
ਇਸ ਤੋਂ ਇਲਾਵਾ ਪੁਰਸ਼ਾਂ ਦੇ ਫ੍ਰੀ ਸਟਾਈਲ ਮੁਕਾਬਲੇ ਵਿਚ ਸੰਦੀਪ ਤੋਮਰ ਨੂੰ 61 ਕਿਲੋਗ੍ਰਾਮ ਵਰਗ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਫੋਗਾਟ ਨੇ ਸ਼ਨਿਚਰਵਾਰ ਨੂੰ ਸੈਮੀਫਾਈਨਲ ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗ਼ਮਾ ਜੇਤੂ ਸਾਰਾ ਹਿਲਡੇਬ੍ਰਾਂਡ ਨੂੰ ਹਰਾਇਆ ਸੀ। ਇਹ ਵਿਨੇਸ਼ ਦਾ 50 ਕਿਲੋਗ੍ਰਾਮ ਤੋਂ 53 ਕਿਲੋਗ੍ਰਾਮ ਭਾਰ ਵਰਗ ਵਿਚ ਆਉਣ ਤੋਂ ਬਾਅਦ ਪਹਿਲਾ ਟੂਰਨਾਮੈਂਟ ਹੈ। ਸਰਿਤਾ ਮੋਰ ਨੇ ਔਰਤਾਂ ਦੇ 59 ਕਿਲੋਗ੍ਰਾਮ ਵਰਗ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ। ਉਹ ਭਾਰਤ ਦੀ ਹੀ ਪੂਜਾ ਤੋਂ ਮਾਤ ਖਾ ਗਈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *