ਦਹਿਸ਼ਤੀ ਮਨਸੂਬਿਆਂ ਲਈ ਨਹੀਂ ਵਰਤਣ ਦਿਆਂਗੇ ਪਾਕਿ ਦੀ  ਧਰਤੀ: ਕੁਰੈਸ਼ੀ


ਇਸਲਾਮਾਬਾਦ/ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੁਲਕ ਕਿਸੇ ਨੂੰ ਵੀ ਆਪਣੀ ਧਰਤੀ ਦਹਿਸ਼ਤੀ ਮਨਸੂਬਿਆਂ ਲਈ ਵਰਤਣ ਦੀ ਇਜਾਜ਼ਤ ਨਹੀਂ ਦੇਵੇਗਾ। ਪਾਕਿ ਵਿਦੇਸ਼ ਮੰਤਰੀ ਨੇ ਭਾਰਤ ਦਾ ਨਾਂ ਲੈਂਦਿਆਂ ਕਿਹਾ ਕਿ ਕੋਈ ਵੀ ਅਤਿਵਾਦੀ ਸੰਗਠਨ ਕਿਸੇ ਹੋਰ ਮੁਲਕ ਖ਼ਿਲਾਫ਼ ਪਾਕਿਸਤਾਨ ਦੀ ਧਰਤੀ ਦਾ ਇਸਤੇਮਾਲ ਨਹੀਂ ਕਰ ਸਕਦਾ। ਕੁਰੈਸ਼ੀ ਨੇ ਦਾਅਵਾ ਕੀਤਾ ਕਿ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੀ ‘ਮੁੱਖ ਰਗ਼’ ਫੜ ਲਈ ਹੈ ਤੇ ‘ਅਹਿਮ ਕੇਂਦਰ’ ਉਨ੍ਹਾਂ ਦੀ ਨਜ਼ਰਸਾਨੀ ਹੇਠ ਹੈ। ਸੰਯੁਕਤ ਰਾਸ਼ਟਰ ਵੱਲੋਂ ਪਾਬੰਦੀਸ਼ੁਦਾ ਜੈਸ਼ ਦੀ ਪੁਲਵਾਮਾ ਹਮਲੇ ਵਿਚ ਸ਼ਮੂਲੀਅਤ ਬਾਰੇ ਇਕ ਖਰੜਾ ਭਾਰਤ ਨੇ ਬੁੱਧਵਾਰ ਨੂੰ ਪਾਕਿਸਤਾਨ ਨੂੰ ਸੌਂਪਿਆ ਸੀ। ਇਸ ਵਿਚ ਪਾਕਿ ‘ਚ ਸੰਗਠਨ ਦੇ ਕੈਂਪ ਹੋਣ ਦਾ ਦਾਅਵਾ ਕੀਤਾ ਗਿਆ ਹੈ। ਕੁਰੈਸ਼ੀ ਨੇ ਕਿਹਾ ਕਿ ਭਾਰਤ ਨੇ ਦਸਤਾਵੇਜ਼ ਸੌਂਪ ਦਿੱਤੇ ਹਨ ਤੇ ਜੇ ਭਾਰਤ ਇਸ ਬਾਰੇ ਗੱਲਬਾਤ ਕਰਨਾ ਚਾਹੁੰਦਾ ਹੈ ਤਾਂ ਪਾਕਿਸਤਾਨ ਤਿਆਰ ਹੈ। ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਵਿਚ ਨਵੀਂ ਸਰਕਾਰ ਨਵੀਂ ਮਾਨਸਿਕਤਾ ਨਾਲ ਆਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਪਹੁੰਚ ਬਹੁਤ ਸਪੱਸ਼ਟ ਹੈ।
ਇਸ ਦੌਰਾਨ ਪਾਕਿਸਤਾਨ ਨੇ ਭਾਰਤ ਨੂੰ ਆਖਿਆ ਹੈ ਕਿ ਪਿਛਲੇ ਮਹੀਨੇ ਭਾਰਤ ਦੀ ਜੇਲ੍ਹ ਵਿੱਚ ਸਾਥੀ ਕੈਦੀਆਂ ਵਲੋਂ ਕਥਿਤ ਤੌਰ ‘ਤੇ ਮਾਰੇ ਗਏ ਪਾਕਿਸਤਾਨੀ ਕੈਦੀ ਦੀ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਰਿਪੋਰਟ ਦੇ ਵੇਰਵੇ ਤੁਰੰਤ ਸਾਂਝੇ ਕੀਤੇ ਜਾਣ। ਦੱਸਣਯੋਗ ਹੈ ਕਿ ਜੈਪੁਰ ਕੇਂਦਰੀ ਜੇਲ੍ਹ ਵਿੱਚ ਬੰਦ 50 ਸਾਲਾ ਸ਼ੱਕਰੁੱਲ੍ਹਾ ਨਾਂ ਦੇ ਕੈਦੀ ਦੀ ਪਿਛਲੇ ਮਹੀਨੇ ਸਾਥੀ ਕੈਦੀਆਂ ਨਾਲ ਹੋਈ ਝੜੱਪ ਦੌਰਾਨ ਮੌਤ ਹੋ ਗਈ ਸੀ।
ਅਮਰੀਕਾ ਨੇ ਲਾਦਿਨ ਦੇ ਪੁੱਤ ਉੱਤੇ ਦਸ ਲੱਖ ਡਾਲਰ ਦਾ ਇਨਾਮ ਰੱਖਿਆ
ਵਾਸ਼ਿੰਗਟਨ/ਅਮਰੀਕਾ ਨੇ ਮਰਹੂਮ ਅਲ-ਕਾਇਦਾ ਮੁਖੀ ਓਸਾਮਾ ਬਿਨ ਲਾਦਿਨ ਦੇ ਪੁੱਤ ਹਮਜ਼ਾ ਬਿਨ ਲਾਦਿਨ ਦਾ ਥਹੁ-ਪਤਾ ਦੱਸਣ ਵਾਲੇ ਨੂੰ 10 ਲੱਖ ਅਮਰੀਕੀ ਡਾਲਰ ਦਾ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਹੈ। ਅਮਰੀਕਾ, ਹਮਜ਼ਾ ਨੂੰ ਇੰਤਹਾਪਸੰਦੀ ਦੇ ਉਭਰਦੇ ਚਿਹਰੇ ਵਜੋਂ ਵੇਖਦਾ ਹੈ। ਪਿਛਲੇ ਕਈ ਸਾਲਾਂ ਤੋਂ ਹਮਜ਼ਾ ਬਿਨ ਲਾਦਿਨ, ਜਿਸ ਨੂੰ ‘ਜਹਾਦ ਦਾ ਵਲੀ ਅਹਿਦ (ਸ਼ਹਿਜ਼ਾਦਾ)’ ਵੀ ਮੰਨਿਆ ਜਾਂਦਾ ਹੈ, ਦੇ ਮੁਕਾਮ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ। ਕੁਝ ਰਿਪੋਰਟਾਂ ਮੁਤਾਬਕ ਉਸਦਾ ਟਿਕਾਣਾ ਪਾਕਿਸਤਾਨ, ਅਫ਼ਗ਼ਾਨਿਸਤਾਨ, ਸੀਰੀਆ ਜਾਂ ਫ਼ਿਰ ਉਸ ਨੂੰ ਇਰਾਨ ਵਿੱਚ ਘਰ ਵਿੱਚ ਨਜ਼ਰਬੰਦ ਕੀਤਾ ਹੋ ਸਕਦਾ ਹੈ। ਇਸ ਦੌਰਾਨ ਸਾਊਦੀ ਅਰਬ ਨੇ ਹਮਜ਼ਾ ਨੂੰ ਦਿੱਤੀ ਨਾਗਰਿਕਤਾ ਵਾਪਸ ਲੈ ਲਈ ਹੈ।
ਵਿਦੇਸ਼ ਵਿਭਾਗ ਨੇ ਕਿਹਾ ਕਿ ਉਹ ਹਮਜ਼ਾ ਦੇ ਕਿਸੇ ਵੀ ਮੁਲਕ ਵਿਚਲੇ ਮੁਕਾਮ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਦਸ ਲੱਖ ਡਾਲਰ ਦਾ ਇਨਾਮ ਦੇਣਗੇ। ਅਮਰੀਕਾ ਮੁਤਾਬਕ 30 ਸਾਲਾ ਹਮਜ਼ਾ ਨੇ 2011 ਵਿੱਚ ਆਪਣੀ ਪਿਤਾ ਦੀ ਹੱਤਿਆ ਦਾ ਬਦਲਾ ਲੈਣ ਲਈ ਅਮਰੀਕਾ ਖ਼ਿਲਾਫ਼ ਹਮਲਿਆਂ ਦੀ ਧਮਕੀ ਦਿੱਤੀ ਹੈ। ਅਮਰੀਕਾ ਦੇ ਵਿਸ਼ੇਸ਼ ਸੁਰੱਖਿਆ ਅਮਲੇ ਨੇਵੀ ਸੀਲਜ਼ ਕਮਾਂਡੋਜ਼ ਨੇ ਪਾਕਿਸਤਾਨ ਦੇ ਐਬਟਾਬਾਦ ਸਥਿਤ ਫੌਜੀ ਇਲਾਕੇ ਵਿੱਚ ਲੁਕੇ ਬੈਠੇ ਓਸਾਮਾ ਬਿਨ ਲਾਦਿਨ ਨੂੰ ਮਾਰ ਮੁਕਾਇਆ ਸੀ। ਅਮਰੀਕੀ ਖੁਫੀਆ ਏਜੰਸੀਆਂ, ਆਲਮੀ ਜਹਾਦ ਲਈ ਹਮਜ਼ਾ ਨੂੰ ਉਹਦੇ ਪਿਤਾ ਦਾ ਜਾਨਸ਼ੀਨ ਮੰਨਦੀਆਂ ਹਨ। ਉਹਦੇ ਅਫ਼ਗ਼ਾਨਿਸਤਾਨ ਵਿੱਚ ਹੋਣ ਦੀਆਂ ਵਧੇਰੇ ਸੰਭਾਵਨਾਵਾਂ ਹਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *