ਸਿਖਰ ਦੀ ਕਸ਼ੀਦਗੀ ਦੇ ਬਾਵਜੂਦ ਇਮਰਾਨ ਵੱਲੋਂ ਗੱਲਬਾਤ ਲਈ ਗੁਹਾਰ


ਕਿਹਾ ਕਿ ਇਕ ਵਾਰ ਹਾਲਾਤ ਵਿਗੜ ਗਏ ਤਾਂ ਫਿਰ ਇਹ ਨਾ ਮੇਰੇ ਹੱਥ ਹੋਣਗੇ, ਨਾ ਨਰਿੰਦਰ ਮੋਦੀ ਹੱਥ
ਇਸਲਾਮਾਬਾਦ/ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਨੂੰ ਗੁਆਂਢੀ ਮੁਲਕਾਂ ਦੇ ਰਿਸ਼ਤਿਆਂ ਵਿੱਚ ਆਈ ਕੁੜੱਤਣ ਨੂੰ ਘੱਟ ਕਰਨ ਲਈ ਸੰਵਾਦ ਦੀ ਪੇਸ਼ਕਸ਼ ਕੀਤੀ ਹੈ। ਖ਼ਾਨ ਨੇ ਕਿਹਾ ਕਿ ਦੋਵਾਂ ਮੁਲਕਾਂ ਵਿੱਚ ਬਿਹਤਰ ਸਮਝ ਵਿਕਸਤ ਹੋਵੇ ਤੇ ਦੋਵੇਂ ਸਮਝਦਾਰੀ ਨਾਲ ਕੰਮ ਲੈਣ। ਉਂਜ ਵਜ਼ੀਰੇ ਆਜ਼ਮ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਪਰਮਾਣੂ ਹਥਿਆਰਾਂ ਨਾਲ ਲੈਸ ਦੋਵਾਂ ਮੁਲਕਾਂ ਵਿੱਚ ਜਾਰੀ ਤਲਖੀ ਦਰਮਿਆਨ ਪਾਕਿਸਤਾਨ ਨੂੰ ਕਿਸੇ ਗੱਲੋਂ ਵੀ ਘੱਟ ਕਰਕੇ ਨਾ ਜਾਣਿਆ ਜਾਵੇ। ਖ਼ਾਨ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਬੁੱਧਵਾਰ ਦੀ ਹਵਾਈ ਕਾਰਵਾਈ ਦੌਰਾਨ ਭਾਰਤ ਦੇ ਦੋ ਮਿੱਗ ਜਹਾਜ਼ਾਂ ਨੂੰ ਨੁਕਸਾਨ ਪਹੁੰਚਾਇਆ ਹੈ ਤੇ ਇਨ੍ਹਾਂ ਵਿੱਚੋਂ ਇਕ ਜਹਾਜ਼ ਦਾ ਪਾਇਲਟ ਉਨ੍ਹਾਂ ਦੀ ਹਿਰਾਸਤ ਵਿੱਚ ਹੈ।
ਟੈਲੀਵਿਜ਼ਨ ‘ਤੇ ਸਿੱਧੇ ਪ੍ਰਸਾਰਣ ਰਾਹੀਂ ਕੌਮ ਨੂੰ ਸੰਬੋਧਨ ਕਰਦਿਆਂ ਖਾਨ ਨੇ ਕਿਹਾ, ‘ਹਵਾਈ ਕਾਰਵਾਈ (ਭਾਰਤ ਖ਼ਿਲਾਫ਼) ਪਿੱਛੇ ਸਾਡਾ ਇਰਾਦਾ ਇਹ ਦਰਸਾਉਣਾ ਸੀ ਕਿ ਜੇਕਰ ਤੁਸੀਂ ਸਾਡੇ ਮੁਲਕ ਵਿੱਚ ਦਾਖ਼ਲ ਹੋ ਸਕਦੇ ਹੋ ਤਾਂ ਅਸੀਂ ਵੀ ਅਜਿਹਾ ਕਰਨ ਦੇ ਸਮਰੱਥ ਹਾਂ। ਹਵਾਈ ਕਾਰਵਾਈ ਦੌਰਾਨ ਅਸੀਂ ਉਨ੍ਹਾਂ (ਭਾਰਤ ਦੇ) ਦੇ ਦੋ ਮਿੱਗ ਡੇਗ ਦਿੱਤੇ ਤੇ ਉਨ੍ਹਾਂ ਦੇ ਪਾਇਲਟ ਸਾਡੀ ਹਿਰਾਸਤ ਵਿੱਚ ਹਨ।’ ਖ਼ਾਨ ਨੇ ਕਿਹਾ ਕਿ ਸਾਰੀਆਂ ਜੰਗਾਂ ਸਮੇਂ ਦੀ ਗ਼ਲਤ ਗਿਣਤੀ ਮਿਣਤੀ ਤੇ ਮਨੁੱਖੀ ਜਾਨਾਂ ਦੀ ਕੀਮਤ ‘ਤੇ ਲੜੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ, ‘ਇਕ ਵਾਰ ਹਾਲਾਤ ਵਿਗੜ ਗਏ ਤਾਂ ਫਿਰ ਇਹ ਨਾ ਮੇਰੇ ਹੱਥ ਹੋਣਗੇ, ਨਾ (ਪ੍ਰਧਾਨ ਮੰਤਰੀ) ਨਰਿੰਦਰ ਮੋਦੀ ਹੱਥ। ਆਓ ਇਕੱਠੇ ਬੈਠ ਕੇ ਇਸ ਨੂੰ ਗੱਲਬਾਤ ਰਾਹੀਂ ਸੁਲਝਾਉਂਦੇ ਹਾਂ।’ ਖ਼ਾਨ ਨੇ ਕਿਹਾ ਕਿ ਪੁਲਵਾਮਾ ਹਮਲੇ ਮਗਰੋਂ ਪਾਕਿਸਤਾਨ ਨੇ ਭਾਰਤ ਨੂੰ ਜਾਂਚ ਵਿੱਚ ਹਰ ਸਹਿਯੋਗ ਦੀ ਪੇਸ਼ਕਸ਼ ਕੀਤੀ ਸੀ। ਸ਼ੁਰੂਆਤ ਤੋਂ ਹੀ ਅਸੀਂ ਭਾਰਤ ਨੂੰ ਪੁਲਵਾਮਾ ਹਮਲੇ ਸਬੰਧੀ ‘ਕਾਰਵਾਈਯੋਗ ਖੁਫ਼ੀਆ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਸੀ। ਪਾਕਿ ਸਰਜ਼ਮੀਂ ਨੂੰ ਦਹਿਸ਼ਤੀ ਅੱਡੇ ਵਜੋਂ ਵਰਤਣਾ ਸਾਡੇ ਆਪਣੇ ਹਿੱਤ ਵਿੱਚ ਨਹੀਂ ਹੈ। ਇਸ ਦੌਰਾਨ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਗੁਆਂਢੀ ਮੁਲਕ ਨਾਲ ਹਵਾਈ ਟਕਰਾਅ ਦੌਰਾਨ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਦਾਖ਼ਲ ਹੋਏ ਭਾਰਤ ਦੇ ਦੋ ਲੜਾਕੂ ਜਹਾਜ਼ਾਂ ਨੂੰ ਸੁੱਟ ਲਿਆ ਤੇ ਇਕ ਪਾਇਲਟ ਨੂੰ ਗ੍ਰਿਫ਼ਤਾਰ ਕਰ ਲਿਆ। ਇਸੇ ਦੌਰਾਨ ਪਾਕਿਸਤਾਨ ਦੇ ਚੋਟੀ ਦੇ ਫੌਜੀ ਤੇ ਸਿਵਲ ਅਧਿਕਾਰੀਆਂ ਨੇ ਪੁਲਵਾਮਾ ਹਮਲੇ ਮਗਰੋਂ ਭਾਰਤ ਨਾਲ ਵਧੇ ਤਣਾਅ ਮਗਰੋਂ ਸੰਸਦ ਮੈਂਬਰਾਂ ਨੂੰ ਜਾਣੂ ਕਰਵਾਇਆ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *