ਭਾਰਤੀ ਵਿੰਗ ਕਮਾਂਡਰ ਅਭਿਨੰਦਨ ਨੂੰ ਜਲਦੀ ਰਿਹਾ ਕੀਤਾ ਜਾਵੇਗਾ: ਇਮਰਾਨ ਖਾਨ


ਭਾਰਤ-ਪਾਕਿਸਤਾਨ ਵੱਲੋਂ ਸਾਨੂੰ ਚੰਗੀ ਖ਼ਬਰਾਂ ਆ ਰਹੀਆਂ ਹਨ: ਟਰੰਪ
ਇਸਲਾਮਾਬਾਦ/ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਛਿੜਣ ਦੇ ਤੌਖ਼ਲਿਆਂ ਦੌਰਾਨ ਕੌਮਾਂਤਰੀ ਦਬਾਅ ਵਧਣ ਮਗਰੋਂ ਪਾਕਿਸਤਾਨ ਦੇ ਸਿੱਧੇ ਰਾਹ ਉੱਤੇ ਆਉਣ ਦੇ ਆਸਾਰ ਦਿਖਾਈ ਦੇਣ ਲੱਗੇ ਹਨ। ਵੀਰਵਾਰ ਨੂੰ ਆਪਣੇ ਵਤੀਰੇ ਵਿਚ ਨਰਮੀ ਲਿਆਉਂਦਿਆਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਸਦਭਾਵਨਾ ਦੇ ਸੰਕੇਤ ਵਜੋਂ ਪਾਕਿਸਤਾਨ ਹਿਰਾਸਤ ਵਿਚ ਲਏ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਸ਼ੁੱਕਰਵਾਰ ਨੂੰ ਰਿਹਾਅ ਕਰੇਗਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਬਾਰੇ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨ ਨੂੰ ਭਾਰਤ ਵੱਲੋਂ ਵੀਰਵਾਰ ਪੁਲਵਾਮਾ ਹਮਲੇ ਨਾਲ ਜੁੜੇ ਦਸਤਾਵੇਜ਼ ਸੌਂਪੇ ਗਏ ਹਨ। ਇਸ ਦੌਰਾਨ ਭਾਰਤੀ ਫੌਜ ਦੇ ਤਿੰਨਾਂ ਅੰਗਾਂ ਦੇ ਨੁਮਾਇੰਦਿਆਂ ਵੱਲੋਂ ਕਿਹਾ ਗਿਆ ਹੈ ਕਿ ਪਾਕਿਸਤਾਨ ਵੱਲੋਂ ਹੋਏ ਕਿਸੇ ਵੀ ਕਾਰਵਾਈ ਦਾ ਜਵਾਬ ਦੇਣ ਦੇ ਕਾਬਿਲ ਹਨ।
ਇਮਰਾਨ ਖ਼ਾਨ ਨੇ ਇਹ ਬਿਆਨ ਪਾਕਿਸਤਾਨ ਦੇ ਜੁਆਈਂਟ ਪਾਰਲੀਮਾਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਦਿੱਤਾ।
ਇਮਰਾਨ ਖ਼ਾਨ ਨੇ ਕਿਹਾ, “ਚੰਗਾ ਹੁੰਦਾ ਕਿ ਇਹ ਦਸਤਾਵੇਜ਼ ਪਹਿਲਾਂ ਹੀ ਸੌਂਪੇ ਜਾਂਦੇ ਅਤੇ ਜੇ ਅਸੀਂ ਕਾਰਵਾਈ ਨਹੀਂ ਕਰਦੇ ਤਾਂ ਭਾਰਤ ਜੋ ਚਾਹੁੰਦਾ ਉਹ ਕਾਰਵਾਈ ਕਰ ਸਕਦਾ ਸੀ।”
ਪੁਲਵਾਮਾ ਦਾ ਜ਼ਿਕਰ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਉੱਥੇ 14 ਫਰਵਰੀ ਨੂੰ ਇੱਕ ਆਤਮਘਾਤੀ ਹਮਲੇ ਵਿੱਚ 40 ਸੀਆਰਪੀਐੱਫ ਦੇ ਜਵਾਨ ਮਾਰੇ ਗਏ ਸਨ। ਇਮਰਾਨ ਖ਼ਾਨ ਨੇ ਕਿਹਾ, “ਮੈਂ ਬੁੱਧਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਈ ਫੋਨ ਕੀਤੇ ਅਤੇ ਕਈ ਸੰਦੇਸ਼ ਵੀ ਭਿਜਵਾਏ ਪਰ ਸਾਡੀ ਇਨ੍ਹਾਂ ਕੋਸ਼ਿਸ਼ਾਂ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ। ਮੇਰਾ ਭਾਰਤ ਨੂੰ ਇਹ ਪੈਗ਼ਾਮ ਹੈ ਕਿ ਮੈਨੂੰ ਪਾਕਿਸਤਾਨੀ ਫੌਜ ਦੀ ਤਿਆਰੀ ਦਾ ਅੰਦਾਜ਼ਾ ਹੈ। ਇਸ ਗੱਲ ਨੂੰ ਅੱਗੇ ਹੋਰ ਨਾ ਵਧਾਇਆ ਜਾਵੇ ਕਿਉਂਕਿ ਤੁਸੀਂ ਜੋ ਵੀ ਕਾਰਵਾਈ ਕਰੋਗੇ ਪਾਕਿਸਤਾਨ ਉਸ ਦਾ ਜਵਾਬ ਦੇਵੇਗਾ।”
ਦਿੱਲੀ ਵਿੱਚ ਭਾਰਤੀ ਫੌਜ ਦੇ ਤਿੰਨਾਂ ਅੰਗਾਂ ਦੇ ਨੁਮਾਇੰਦੇ ਵੀਰਵਾਰ ਪ੍ਰੈੱਸ ਨੂੰ ਮੁਖਾਤਿਬ ਹੋਏ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਪਾਕਿਸਤਾਨ ਵੱਲੋਂ ਭਾਰਤ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਭਾਰਤੀ ਫੌਜ ਦੇ ਬੁਲਾਰੇ ਮੇਜਰ ਜਨਰਲ ਸੁਰੇਂਦਰ ਸਿੰਘ ਮਹਿਲ ਨੇ ਕਿਹਾ, “ਪਾਕਿਸਤਾਨ ਵੱਲੋਂ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਵੱਲੋਂ ਭਾਰਤ ਖਿਲਾਫ ਕੀਤੇ ਆਪ੍ਰੇਸ਼ਨ ਵਿੱਚ ਐਫ-16 ਦਾ ਇਸਤੇਮਾਲ ਨਹੀਂ ਕੀਤਾ ਗਿਆ ਸੀ ਪਰ ਸਾਨੂੰ ਜੰਮੂ ਦੇ ਰਾਜੌਰੀ ਵਿੱਚ ਏਅਰ ਟੂ ਏਅਰ ਮਿਜ਼ਾਈਲ ਦੇ ਟੁਕੜੇ ਮਿਲੇ ਹਨ ਜੋ ਐੱਫ-16 ਤੋਂ ਹੀ ਛੱਡੀ ਜਾ ਸਕਦੀ ਹੈ।” ਬਾਲਾਕੋਟ ਹਮਲੇ ਦੇ ਸਬੂਤਾਂ ਬਾਰੇ ਪੁੱਛੇ ਜਾਣ ‘ਤੇ ਭਾਰਤੀ ਹਵਾਈ ਫੌਜ ਵੱਲੋਂ ਆਰ ਜੀ ਕੇ ਕਪੂਰ ਨੇ ਕਿਹਾ, “ਸਾਡੇ ਕੋਲ ਇਸ ਬਾਰੇ ਪੁਖਤਾ ਸਬੂਤ ਹਨ ਕਿ ਅਸੀਂ ਜੈਸ਼-ਏ-ਮੁਹੰਮਦ ਦੇ ਕੈਂਪਾਂ ਨੂੰ ਜੋ ਨੁਕਸਾਨ ਪਹੁੰਚਾਉਣਾ ਸੀ ਉਹ ਪਹੁੰਚਾ ਦਿੱਤਾ ਹੈ। ਹੁਣ ਇਹ ਭਾਰਤ ਸਰਕਾਰ ‘ਤੇ ਨਿਰਭਰ ਕਰਦਾ ਹੈ ਕਿ ਉਹ ਸਬੂਤ ਪੇਸ਼ ਕਰਦੀ ਹੈ ਜਾਂ ਨਹੀਂ।”
ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੇ ਜਲਦ ਖ਼ਤਮ ਹੋਣ ਦੀ ਆਸ ਪ੍ਰਗਟਾਈ ਹੈ। ਵੀਅਤਨਾਮ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ, ‘ਮੈਨੂੰ ਛੇਤੀ ਹੀ ਭਾਰਤ ਅਤੇ ਪਾਕਿਸਤਾਨ ਦੀ ਵੱਲੋਂ ਚੰਗੀ ਖ਼ਬਰ ਆਉਣ ਦੀ ਉਮੀਦ ਹੈ’। ਡੌਨਲਡ ਟਰੰਪ ਨੇ ਕਿਹਾ, “ਭਾਰਤ-ਪਾਕਿਸਤਾਨ ਵੱਲੋਂ ਸਾਨੂੰ ਚੰਗੀ ਖ਼ਬਰਾਂ ਆ ਰਹੀਆਂ ਹਨ। ਅਸੀਂ ਵੀ ਹੁਣ ਮਸਲੇ ਦੇ ਹੱਲ ਲਈ ਪ੍ਰਕਿਰਿਆ ਵਿੱਚ ਸ਼ਾਮਿਲ ਹੋ ਚੁੱਕੇ ਹਾਂ ਅਤੇ ਦੋਵਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ।”
“ਮੈਨੂੰ ਉਮੀਦ ਹੈ ਕਿ ਦਹਾਕਿਆਂ ਤੋਂ ਚੱਲ ਰਿਹਾ ਇਹ ਵਿਵਾਦ ਜਲਦ ਹੀ ਖ਼ਤਮ ਹੋਵੇਗਾ।”
ਇਸ ਦੌਰਾਨ ਨਿਊਜ਼ ਏਜੰਸੀ ਰਾਇਟਰਸ ਨੇ ਖ਼ਬਰ ਦਿੱਤੀ ਹੈ ਕਿ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਅੱਗੇ ਮਤਾ ਰੱਖਿਆ ਹੈ ਕਿ ਉਹ ਪਾਕਿਸਤਾਨ ਆਧਾਰਿਤ ਅੱਤਵਾਦੀ ਗਰੁੱਪ ਜੈਸ਼-ਏ-ਮੁਹੰਮਦ ਨੂੰ ਬਲੈਕਲਿਸਟ ਕਰ ਦੇਣ। ਹਾਲਾਂਕਿ ਚੀਨ ਵੱਲੋਂ ਇਸਦਾ ਵਿਰੋਧ ਜਤਾਏ ਜਾਣ ਦੀ ਸੰਭਾਵਨਾ ਹੈ ਜਿਸ ਨੇ ਪਹਿਲਾਂ 2016 ਅਤੇ 2017 ਵਿੱਚ ਜੈਸ਼-ਏ-ਮੁਹੰਮਦ ਦੇ ਲੀਡਰ ਮਸੂਦ ਅਜ਼ਹਰ ਨੂੰ ਅੱਤਵਾਦੀ ਮੰਨਣ ਦਾ ਵਿਰੋਧ ਕੀਤਾ ਸੀ। ਚੀਨ ਦੇ ਯੂਐਨ ਮਿਸ਼ਨ ਨੇ ਇਸ ਨਵੇਂ ਪ੍ਰਸਤਾਵ ਲਈ ਭੇਜੀ ਗਈ ਬੇਨਤੀ ‘ਤੇ ਤੁਰੰਤ ਕੋਈ ਜਵਾਬ ਨਹੀਂ ਦਿੱਤਾ ਹੈ। ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ 15 ਮੈਂਬਰੀ ਸਕਿਊਰਟੀ ਕੌਂਸਲ ਸੈਂਕਸ਼ਨਜ਼ ਕਮੇਟੀ ਨੂੰ ਅਜ਼ਹਰ ਦੇ ਗਲੋਬਲ ਟਰੈਵਲ ਅਤੇ ਵਿੱਤੀ ਸਰੋਤਾਂ ‘ਤੇ ਰੋਕ ਲਾਉਣ ਬਾਰੇ ਕਿਹਾ ਹੈ।
ਜਦੋਂ ਕੌਂਸਲ ਕਮੇਟੀ ਨੇ ਪਿਛਲੀ ਵਾਰ ਅਜ਼ਹਰ ਨੂੰ ਬਲੈਕਲਿਸਟ ਕਰਨ ਬਾਰੇ ਕਿਹਾ ਸੀ ਤਾਂ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਕਿਸੇ ਇੱਕ ਸ਼ਖ਼ਸ ਜਾਂ ਗਰੁੱਪ ਨੂੰ ਅੱਤਵਾਦੀ ਮੰਨਣ ਸਬੰਧੀ ਉਨ੍ਹਾਂ ਦੇ ਸਾਫ਼ ਨਿਯਮ ਹਨ।
ਚੀਨ ਸ਼ੁਰੂ ਤੋਂ ਹੀ ਮੰਨਦਾ ਹੈ ਕਿ ਯੂਐਨ ਸਮਿਤੀ ਨੂੰ ਨਿਰਪੱਖਤਾ ਦੇ ਸਿਧਾਂਤਾਂ ‘ਤੇ ਕੰਮ ਕਰਨਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਜਦੋਂ ਦੁਸ਼ਮਣ ਅੱਤਵਾਦੀ ਹਮਲੇ ਜ਼ਰੀਏ ਦੇਸ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਅਸਲ ਵਿੱਚ ਦੇਸ ਦੇ ਵਿਕਾਸ ਨੂੰ ਰੋਕਣਾ ਚਾਹੁੰਦੇ ਹਨ। ਨਰਿੰਦਰ ਮੋਦੀ ਨੇ ਕਿਹਾ ਕਿ ਸਾਨੂੰ ਅਜਿਹੇ ਮਨਸੂਬਿਆਂ ਲਈ ਦੀਵਾਰ ਬਣਨ ਦੀ ਲੋੜ ਹੈ।
ਇਸ ਦੌਰਾਨ ਭਾਰਤ ਅਤੇ ਪਾਕਿਸਤਾਨ ਵਿੱਚ ਜੰਗੀ ਹਾਲਾਤ ਦੇ ਮੱਦੇਨਜ਼ਰ ਦੋਵਾਂ ਪਾਸੀਂ ਵਿਸ਼ੇਸ਼ ਇੰਤਜ਼ਾਮ ਕੀਤੇ ਜਾ ਰਹੇ ਹਨ। ਸਿੰਧ ਦੇ ਮਿਉਂਸਪਲ ਵਿਭਾਗ ਨੇ ਐਮਰਜੈਂਸੀ ਹੁਕਮ ਜਾਰੀ ਕਰਦਿਆਂ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਅਤੇ ਐਮਰਜੈਂਸੀ ਹਾਲਾਤ ਲਈ ਮਸ਼ੀਨਰੀ ਤਿਆਰ ਕਰਨ ਲਈ ਕਿਹਾ ਹੈ। ਭਾਰਤੀ ਪੰਜਾਬ ਵਿਚ ਸੂਬਾ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਕੇ ਸੰਭਾਵੀ ਹਾਲਾਤ ਦੇ ਮੱਦੇਨਜ਼ਰ ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ ਹੈ। ਦੂਜੇ ਪਾਸੇ ਕੌਮੀ ਰਾਜਧਾਨੀ ਦਿੱਲੀ, ਜੰਮੂ ਕਸ਼ਮੀਰ, ਪੰਜਾਬ ਹੋਰ ਸਰਹੱਦੀ ਖੇਤਰਾਂ ਵਿਚ ਰੈੱਡ ਅਲਾਰਟ ਜਾਰੀ ਕੀਤਾ ਗਿਆ ਹੈ।
ਪਾਕਿਸਤਾਨ ਅਤੇ ਭਾਰਤ ਦਰਮਿਆਨ ਜਾਰੀ ਤਣਾਅ ਦਾ ਅਸਰ ਦੋਵਾਂ ਦੇਸ਼ਾਂ ਵਿਚਾਲੇ ਚੱਲਣ ਵਾਲੀ ਟਰੇਨ ਸੇਵਾ ਉੱਤੇ ਵੀ ਪਿਆ ਹੈ। ਹਫਤੇ ਵਿੱਚ ਦੋ ਵਾਰ ਆਉਣ ਵਾਲੀ ਸਮਝੌਤਾ ਐਕਸਪ੍ਰੈਸ ਟਰੇਨ ਫਿਲਹਾਲ ਰੋਕ ਦਿੱਤੀ ਗਈ ਹੈ। ਪਾਕਿਸਤਾਨ ਸਰਕਾਰ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਵੀਰਵਾਰ ਤੋਂ ਟਰੇਨ ਭਾਰਤ ਨਹੀਂ ਜਾਵੇਗੀ।
ਬੀਬੀਸੀ ਪੱਤਰਕਾਰ ਸਾਜਿਦ ਇਕਬਾਲ ਨੇ ਟਵੀਟ ਕੀਤਾ ਹੈ ਕਿ ਟਰੇਨ ਸੇਵਾ ਅਸਥਾਈ ਤੌਰ ਉੱਤੇ ਰੋਕੀ ਗਈ ਹੈ ਅਤੇ ਦੋਸਤੀ ਬਸ ਸੇਵਾ ਦਾ ਭਵਿੱਖ ਵੀ ਸਾਫ਼ ਨਹੀਂ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *