ਭਾਰਤ ਨੇ ‘ਆਪਰੇਸ਼ਨ ਬਾਲਾਕੋਟ’ ਰਾਹੀਂ ਪੁਲਵਾਮਾ ਹਮਲੇ ਦਾ ਬਦਲਾ ਲਿਆ

 


ਪਾਕਿ ਅੰਦਰ ਅੱਤਵਾਦੀ ਟਿਕਾਣਿਆਂ ‘ਤੇ ਬੰਬਾਰੀ ਕਰਕੇ 350 ਅੱਤਵਾਦੀ ਮਾਰ ਮੁਕਾਏ
ਨਵੀਂ ਦਿੱਲੀ/ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਸੀ. ਆਰ. ਪੀ. ਐਫ਼ ਦੇ ਕਾਫ਼ਿਲੇ ‘ਤੇ ਜੈਸ਼ ਵਲੋਂ ਕੀਤੇ ਫਿਦਾਈਨ ਹਮਲੇ ਤੋਂ ਨਾਰਾਜ਼ ਭਾਰਤ ਨੇ ਮੰਗਲਵਾਰ ਤੜਕੇ ਕਾਰਵਾਈ ਕਰਦਿਆਂ ਕੰਟਰੋਲ ਰੇਖਾ ਪਾਰ ਜੈਸ਼ ਦੇ ਸਭ ਤੋਂ ਵੱਡੇ ਕੈਂਪ ਨੂੰ ਤਬਾਹ ਕਰ ਦਿੱਤਾ ਅਤੇ ਇਸ ਕਾਰਵਾਈ ‘ਚ ਜੈਸ਼ ਮੁਖੀ ਮਸੂਦ ਅਜ਼ਹਰ ਦੇ ਨਜ਼ਦੀਕੀ ਰਿਸ਼ਤੇਦਾਰ ਯੁਸੂਫ ਅਜ਼ਹਰ ਸਮੇਤ ਵੱਡੀ ਗਿਣਤੀ ‘ਚ ਅੱਤਵਾਦੀ ਮਾਰੇ ਗਏ | ਕਰੀਬ 21 ਮਿੰਟ ਦੀ ਇਸ ਕਾਰਵਾਈ ‘ਚ 1000 ਕਿਲੋ ਬੰਬਾਂ ਦੀ ਵਰਤੋਂ ਕਰਦਿਆਂ ਹਵਾਈ ਫ਼ੌਜ ਨੇ ਬਾਲਾਕੋਟ ਸਥਿਤ ਜੈਸ਼ ਦੇ ਕੈਂਪ ਨਸ਼ਟ ਕੀਤੇ | ਅਧਿਕਾਰੀਆਂ ਨੇ ਦੱਸਿਆ ਕਿ ਹਵਾਈ ਫੌਜ ਨੇ ਦੋ ਮਿੰਟ ਤੋਂ ਵੀ ਘੱਟ ਸਮੇਂ ‘ਚ ਕਾਰਵਾਈ ਕਰਦਿਆ ਜੈਸ਼ ਦਾ ਸਭ ਤੋਂ ਵੱਡਾ ਸਿਖਲਾਈ ਕੈਂਪ ਨਸ਼ਟ ਕਰ ਦਿੱਤਾ ਅਤੇ 350 ਅੱਤਵਾਦੀ ਮਾਰ ਮੁਕਾਏ | ਭਾਰਤ ਵਲੋਂ ਕੀਤੀ ਇਸ ਵੱਡੀ ਕਾਰਵਾਈ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਲੋਕਾਂ ਨੂੰ ਭਰੋਸਾ ਦਿੰਦਾ ਹਾਂ ਕਿ ਦੇਸ਼ ਸੁਰੱਖਿਅਤ ਹੱਥਾਂ ਵਿਚ ਹੈ | ਉਨ੍ਹਾਂ ਕਿਹਾ ਕਿ ਦੇਸ਼ ਤੋਂ ਉੱਪਰ ਕੁਝ ਵੀ ਨਹੀਂ ਹੈ | ਉਹ ਹਮੇਸ਼ਾ ਦੇਸ਼ ਦੀ ਰੱਖਿਆ ਕਰਨਗੇ ਅਤੇ ਇਸ ਨੂੰ ਝੁਕਣ ਨਹੀਂ ਦੇਣਗੇ | ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਇਸ ਵੱਡੀ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਕਿ ਸਥਿਤ ਜੈਸ਼ ਦੇ ਬਾਲਾਕੋਟ ‘ਚ ਸਥਿਤ ਸਭ ਤੋਂ ਵੱਡੇ ਕੈਂਪ ‘ਤੇ ਖੁਫੀਆ ਸੂਚਨਾਵਾਂ ਦੇ ਬਾਅਦ ਕੀਤੀ ਗਈ ਇਹ ਕਾਰਵਾਈ ਜ਼ਰੂਰੀ ਸੀ ਕਿਉਂਕਿ ਅੱਤਵਾਦੀ ਸੰਗਠਨ ਭਾਰਤ ‘ਚ ਹੋਰ ਹਮਲੇ ਕਰਨ ਦੀ ਸਾਜਿਸ਼ ਰਚ ਰਿਹਾ ਸੀ | ਇਸ ਖੁਫੀਆ ਜਾਣਕਾਰੀ ਦੇ ਬਾਅਦ ਹੀ ਸਰਹੱਦ ਪਾਰ ਜੈਸ਼ ਦੇ ਸਭ ਤੋਂ ਵੱਡੇ ਟਿਕਾਣੇ ‘ਤੇ ਗੈਰ-ਸੈਨਿਕ ਕਾਰਵਾਈ ਕੀਤੀ ਗਈ | ਇਸ ਕੈਂਪ ਦੀ ਅਗਵਾਈ ਮੌਲਾਨਾ ਯੁਸੂਫ ਅਜ਼ਹਰ ਉਰਫ ਉਸਤਾਦ ਗੌਰੀ ਕਰ ਰਿਹਾ ਸੀ, ਜੋ ਜੈਸ਼ ਮੁਖੀ ਮਸੂਦ ਅਜ਼ਹਰ ਦਾ ਸਾਲਾ ਸੀ | ਉਨ੍ਹਾਂ ਦੱਸਿਆ ਕਿ ਅੱਤਵਾਦੀ ਕੈਂਪ ਸੰਘਣੇ ਜੰਗਲ ‘ਚ ਪਹਾੜੀਆਂ ‘ਤੇ ਸਨ ਅਤੇ ਨਾਗਰਿਕ ਇਲਾਕਿਆਂ ਤੋਂ ਦੂਰ ਸਨ | ਜੈਸ਼-ਏ-ਮੁਹੰਮਦ ਦੇ ਵੱਡੇ ਕੈਂਪ ‘ਤੇ ਕੀਤੇ ਹਮਲੇ ‘ਚ ਵੱਡੀ ਗਿਣਤੀ ‘ਚ ਅੱਤਵਾਦੀ, ਸਿਖਲਾਈ ਪ੍ਰਾਪਤ ਕਰ ਰਹੇ, ਚੋਟੀ ਦੇ ਕਮਾਂਡਰ ਅਤੇ ਜਿਹਾਦੀ ਮਾਰੇ ਗਏ, ਜਿਨ੍ਹਾਂ ਨੂੰ ਫਿਦਾਈਨ ਹਮਲਿਆਂ ਲਈ ਤਿਆਰ ਕੀਤਾ ਜਾ ਰਿਹਾ ਸੀ | ਵਿਦੇਸ਼ ਸਕੱਤਰ ਨੇ ਇਸ ਸਬੰਧੀ ਜਾਣਕਾਰੀ ਨਹੀਂ ਦਿੱਤੀ ਕਿ ਹਮਲਾ ਕਿਸ ਤਰ੍ਹਾਂ ਕੀਤਾ ਗਿਆ ਪਰ ਰੱਖਿਆ ਸੂਤਰਾਂ ਅਨੁਸਾਰ ਭਾਰਤੀ ਹਵਾਈ ਫ਼ੌਜ ਦੇ 12 ਮਿਰਾਜ-2000 ਲੜਾਕੂ ਜਹਾਜ਼ਾਂ ਨੇ ਕੰਟਰੋਲ ਰੇਖਾ ਦੇ ਦੂਸਰੇ ਪਾਸੇ ਮਕਬੂਜ਼ਾ ਕਸ਼ਮੀਰ ‘ਚ ਅੱਤਵਾਦੀ ਕੈਂਪਾਂ ‘ਤੇ ਬੰਬਾਰੀ ਕੀਤੀ | ਉਨ੍ਹਾਂ ਦੱਸਿਆ ਕਿ ਹਵਾਈ ਸੈਨਾ ਨੇ ਬਾਲਾਕੋਟ, ਮੁਜ਼ੱਫਰਾਬਾਦ ਅਤੇ ਚਕੋਟੀ ‘ਚ ਸਥਿਤ ਜੈਸ਼ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ | ਸੂਤਰਾਂ ਅਨੁਸਾਰ ਕੰਟਰੋਲ ਰੇਖਾ ਤੋਂ ਕਰੀਬ 80 ਕਿਲੋਮੀਟਰ ਦੂਰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਅੱਤਵਾਦੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਗਿਆ, ਜੋ ਐਬਟਾਬਾਦ ਨੇੜੇ ਸਥਿਤ ਸੀ, ਜਿੱਥੇ ਅਮਰੀਕਾ ਨੇ ਲਾਦੇਨ ਨੂੰ ਮਾਰ ਮੁਕਾਇਆ ਸੀ | ਸੂਤਰਾਂ ਅਨੁਸਾਰ ਭਾਰਤ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਜੈਸ਼ ਨੇ ਸਿਖਲਾਈ ਪ੍ਰਾਪਤ ਕਰ ਰਹੇ ਅੱਤਵਾਦੀਆਂ ਸਣੇ ਚੋਟੀ ਦੇ ਅੱਤਵਾਦੀਆਂ ਅਤੇ ਉਨ੍ਹਾਂ ਦੇ ਟ੍ਰੇਨਰਾਂ ਨੂੰ ਬਾਲਾਕੋਟ ਤੋਂ ਕਰੀਬ 20 ਕਿੱਲੋਮੀਟਰ ਦੂਰ ਸਥਿਤ ਕੈਂਪ ‘ਚ ਤਬਦੀਲ ਕਰ ਦਿੱਤਾ ਹੈ, ਜਿੱਥੇ 500-700 ਲੋਕਾਂ ਦੇ ਰਹਿਣ ਦੀ ਸਹੂਲਤ ਸੀ ਅਤੇ ਇਕ ਸਵੀਮਿੰਗ ਪੂਲ ਵੀ ਸੀ | ਵਿਦੇਸ਼ ਸਕੱਤਰ ਨੇ ਕਿਹਾ ਕਿ ਭਾਰਤ ਸਰਕਾਰ ਅੱਤਵਾਦ ਨੂੰ ਜੜ੍ਹੋਂ ਖਤਮ ਕਰਨ ਲਈ ਵਚਨਬੱਧ ਹੈ | ਗੋਖਲੇ ਨੇ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਅੱਤਵਾਦੀ ਹਮਲੇ ਦੇ ਸਬੂਤ ਕਈ ਵਾਰ ਦਿੱਤੇ ਪਰ ਪਾਕਿਸਤਾਨ ਨੇ ਉਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਆਪਣੀ ਜ਼ਮੀਨ ਤੋਂ ਅੱਤਵਾਦੀਆਂ ਦੇ ਖਾਤਮੇ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਹੈ |
ਹਵਾਈ ਫ਼ੌਜ ਦੀ ਕਾਰਵਾਈ 20 ਮਿੰਟ ਤੱਕ ਚੱਲੀ, ਜੋ ਤੜਕੇ 3:45 ਵਜੇ ਸ਼ੁਰੂ ਹੋਈ ਅਤੇ 4:05 ਵਜੇ ਖਤਮ ਹੋਈ | ਜਿਸ ਦੌਰਾਨ ਘੱਟੋ ਘੱਟ 325 ਅੱਤਵਾਦੀ ਅਤੇ 25 ਤੋਂ 27 ਟ੍ਰੇਨਰ ਮਾਰੇ ਗਏ | ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਦੇ ਬੇੜੇ ਦੇ ਪ੍ਰਮੁੱਖ ‘ਮਿਰਾਜ-2000’ ਜਹਾਜ਼ਾਂ ਨੇ ਇਸ ਮਿਸ਼ਨ ਨੂੰ ਅੰਜਾਮ ਦਿੱਤਾ | 12 ਮਿਰਾਜ ਲੜਾਕੂ ਜਹਾਜ਼ਾਂ ਨੇ ਵੱਖ-ਵੱਖ ਸੈਨਿਕ ਹਵਾਈ ਅੱਡਿਆਂ ਤੋਂ ਉਡਾਣ ਭਰੀ ਅਤੇ ਮਕਬੂਜ਼ਾ ਕਸ਼ਮੀਰ ਦੇ ਬਾਲਾਕੋਟ ‘ਚ ਕਰੀਬ 20 ਮਿੰਟ ਤੱਕ ਕਈ ਥਾਵਾਂ ‘ਤੇ 1000 ਕਿਲੋਗ੍ਰਾਮ ਦੇ ਬੰਬਾਂ ਨਾਲ ਭਾਰੀ ਬੰਬਾਰੀ ਕੀਤੀ | ਪਾਕਿ ਹਵਾਈ ਫੌਜ ਨੂੰ ਜਦੋਂ ਤੱਕ ਇਸ ਦਾ ਪਤਾ ਲੱਗਦਾ ਭਾਰਤੀ ਲੜਾਕੂ ਜਹਾਜ਼ ਆਪਣਾ ਮਿਸ਼ਨ ਪੂਰਾ ਕਰਕੇ ਵਾਪਸ ਆ ਗਏ | ਸੂਤਰਾਂ ਅਨੁਸਾਰ ਆਪ੍ਰੇਸ਼ਨ ਦੌਰਾਨ ਹਵਾਈ ਫ਼ੌਜ ਦੇ ਕਈ ਲੜਾਕੂ ਅਤੇ ਹੋਰ ਜਹਾਜ਼ਾਂ ਨੇ ਪੱਛਮੀ ਅਤੇ ਕੇਂਦਰੀ ਕਮਾਂਡ ਦੇ ਕਈ ਸੈਨਿਕ ਹਵਾਈ ਅੱੱਡਿਆਂ ਤੋਂ ਇਕੱਠੀ ਉਡਾਣ ਭਰੀ | ਜਿਸ ਨਾਲ ਪਾਕਿ ਰੱਖਿਆ ਅਧਿਕਾਰੀ ਪੂਰੀ ਤਰ੍ਹਾਂ ਭੁਲੇਖੇ ‘ਚ ਰਹੇ ਕਿ ਇਹ ਜਹਾਜ਼ ਕਿੱਧਰ ਜਾ ਰਹੇ ਹਨ | ਇਕ ਸੂਤਰ ਨੇ ਦੱਸਿਆ ਕਿ ਜਹਾਜ਼ਾਂ ਦਾ ਇਕ ਛੋਟਾ ਸਮੂਹ ਬਾਲਾਕੋਟ ਵੱਲ ਮੁੜ ਗਿਆ ਅਤੇ ਅੱਤਵਾਦੀਆਂ ਦੇ ਕੈਂਪ ਨੂੰ ਨਿਸ਼ਾਨਾ ਬਣਾਇਆ | ਸੂਤਰ ਅਨੁਸਾਰ ਜਦੋਂ ਤਸਵੀਰਾਂ ਸਾਹਮਣੇ ਆਉਣਗੀਆਂ ਤਾਂ ਤੁਸੀਂ ਦੇਖੋਗੇ ਕਿ ਕਦੇ ਆਲੀਸ਼ਾਨ ਰਿਹਾ ਕੈਂਪ ਹੁਣ ਕਿਸ ਤਰ੍ਹਾਂ ਖੰਡਰ ਬਣ ਗਿਆ ਹੈ |
ਪੁਲਵਾਮਾ ਹਮਲੇ ਦੇ ਬਾਅਦ ਜੈਸ਼ ਨੇ ਮਕਬੂਜ਼ਾ ਕਸ਼ਮੀਰ ਤੋਂ ਸੈਂਕੜੇ ਅੱਤਵਾਦੀਆਂ ਅਤੇ ਉਨ੍ਹਾਂ ਦੇ ਟ੍ਰੇਨਰਾਂ ਨੂੰ ਬਾਲਾਕੋਟ ਦੀਆਂ ਪਹਾੜੀਆਂ ‘ਤੇ ਸੰਘਣੇ ਜੰਗਲ ‘ਚ ਸਥਿਤ ਪੰਜ ਤਾਰਾ ਰਿਜਾਰਟ ਦੀ ਤਰ੍ਹਾਂ ਬਣੇ ਇਕ ਕੈਂਪ ‘ਚ ਭੇਜ ਦਿੱਤਾ ਸੀ | ਜਿਸ ਨਾਲ ਭਾਰਤੀ ਫੌਜ ਲਈ ਇਹ ‘ਸੌਖਾ ਨਿਸ਼ਾਨਾ’ ਬਣ ਗਿਆ | ਜੈਸ਼ ਦੇ ਸਭ ਤੋਂ ਵੱਡੇ ਇਸ ਕੈਂਪ ‘ਚ ਘੱਟੋ ਘੱਟ 325 ਅੱਤਵਾਦੀ ਅਤੇ 25-27 ਟ੍ਰੇਨਰ ਮੌਜੂਦ ਸਨ | ਹਮਲੇ ਸਮੇਂ ਕੈਂਪ ‘ਚ ਮੌਜੂਦ ਸਾਰੇ ਅੱਤਵਾਦੀ ਸੁੱਤੇ ਪਏ ਸਨ ਅਤੇ ਪਾਕਿ ਸੈਨਾ ਨੂੰ ਇਸ ਕਾਰਵਾਈ ਦੀ ਬਿਲਕੁਲ ਭਿਣਨ ਨਹੀਂ ਲੱਗੀ | ਅਸਲ ‘ਚ ਪਾਕਿ ਦੇ ਰੱਖਿਆ ਅਧਿਕਾਰੀਆਂ ਨੂੰ ਲੱਗ ਰਿਹਾ ਸੀ ਕਿ ਭਾਰਤ ਕੰਟਰੋਲ ਰੇਖਾ ਨੇੜੇ ਮਕਬੂਜ਼ਾ ਕਸ਼ਮੀਰ ‘ਚ ਸਥਿਤ ਕੈਂਪਾਂ ‘ਤੇ ਹਮਲਾ ਕਰ ਸਕਦਾ ਹੈ |
ਭਾਰਤੀ ਹਵਾਈ ਫ਼ੌਜ ਵਲੋਂ ਕੀਤੀ ਕਾਰਵਾਈ ‘ਚ ਜੈਸ਼ ਦੇ ਸਰਗਨੇ ਮਸੂਦ ਅਜ਼ਹਰ ਦਾ ਨਜ਼ਦੀਕੀ ਰਿਸ਼ਤੇਦਾਰ ਯੁਸੂਫ ਅਜ਼ਹਰ ਵੀ ਮਾਰਿਆ ਗਿਆ | ਯੁਸੂਫ ਅਜ਼ਹਰ ਇੰਟਰਪੋਲ ਦੇ ਲੋੜੀਦੇ ਅਪਰਾਧੀਆਂ ਦੀ ਸੂਚੀ ‘ਚ ਸ਼ਾਮਿਲ ਸੀ ਅਤੇ ਉਸ ਖਿਲਾਫ਼ ਅਗਵਾ, ਹਾਈਜੈਕਿੰਗ ਅਤੇ ਹੱਤਿਆ ਸਮੇਤ ਕਈ ਮਾਮਲੇ ਚੱਲ ਰਹੇ ਸਨ | ਯੁਸੂਫ ਅਜ਼ਹਰ ਬਾਲਾਕੋਟ ਸਥਿਤ ਜੈਸ਼ ਦੇ ਸਭ ਤੋਂ ਵੱਡੇ ਕੈਂਪ ਦੀ ਅਗਵਾਈ ਕਰਦਾ ਸੀ | ਸੂਤਰਾਂ ਅਨੁਸਾਰ ਬਾਲਾਕੋਟ ਕੈਂਪ ‘ਚ ਅੱਤਵਾਦੀਆਂ ਨੂੰ ਆਧੁਨਿਕ ਹਥਿਆਰਾਂ, ਧਮਾਕਖੇਜ਼ ਯੰਤਰ, ਸੁਰੱਖਿਆ ਬਲਾਂ ‘ਤੇ ਹਮਲੇ ਕਰਨ, ਆਈæ ਈæ ਡੀæ ਬਣਾਉਣ ਅਤੇ ਲਗਾਉਣ, ਆਤਮਘਾਤੀ ਬੰਬਾਰ ਤਿਆਰ ਕਰਨ, ਬਹੁਤ ਹੰਗਾਮੀ ਹਾਲਾਤ ‘ਚ ਰਹਿਣ ਦੀ ਸਿਖਲਾਈ ਦਿੱਤੀ ਜਾਂਦੀ ਸੀ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *