ਲਘੂ ਵਿਸ਼ੇ ‘ਤੇ ਦਸਤਾਵੇਜ਼ੀ ਸ਼੍ਰੇਣੀ ਵਿੱਚ ‘ਪੀਰੀਅਡ: ਐਂੱਡ ਆਫ਼ ਸਨਟੈਂਸ’ ਨੇ ਆਸਕਰ ਜਿੱਿਤਆ


ਫ਼ਿਲਮ ਦੀ ਸਹਿ-ਨਿਰਮਾਤਾ ਹੈ ਪੰਜਾਬਣ ਗੁਨੀਤ ਮੋਂਗਾ
ਲਾਸ ਏਂਜਲਸ/ਗ੍ਰਾਮੀਣ ਭਾਰਤ ਵਿੱਚ ਮਾਹਵਾਰੀ ਦੇ ਦਿਨਾਂ ‘ਚ ਔਰਤਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਬਿਆਨਦੀ ਫ਼ਿਲਮ ‘ਪੀਰੀਅਡ: ਐਂੱਡ ਆਫ਼ ਸਨਟੈਂਸ’ ਨੇ 91ਵੇਂ ਅਕੈਡਮੀ ਐਵਾਰਡਜ਼ ਵਿੱਚ ਲਘੂ ਵਿਸ਼ੇ ‘ਤੇ ਦਸਤਾਵੇਜ਼ੀ ਸ਼੍ਰੇਣੀ ਵਿੱਚ ਆਸਕਰ ਜਿੱਤ ਲਿਆ ਹੈ। ਇਸ ਲਘੂ ਫ਼ਿਲਮ ਨੂੰ ਐਵਾਡਰ ਜੇਤੂ ਫ਼ਿਲਮਸਾਜ਼ ਰਾਇਕਾ ਜ਼ਹਿਤਾਬਚੀ ਨੇ ਨਿਰਦੇਸ਼ਤ ਕੀਤਾ ਹੈ ਜਦੋਂਕਿ ਭਾਰਤੀ ਨਿਰਮਾਤਾ ਗੁਨੀਤ ਮੋਂਗਾ ਦੀ ‘ਸਿੱਖਿਆ ਐਂਟਰਟੇਨਮੈਂਟ’ ਨੇ ਇਸ ਦਾ ਨਿਰਮਾਣ ਕੀਤਾ ਹੈ। ਇਹ ਦਸਤਾਵੇਜ਼ੀ ‘ਆਕਵੁੱਡ ਸਕੂਲ ਇਨ ਲਾਸ ਏਂਜਲਸ’ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਅਧਿਆਪਕ ਮਿਲਿਸਾ ਬਰਟਨ ਵੱਲੋਂ ਸ਼ੁਰੂ ਕੀਤੇ ਗਏ ‘ਦਿ ਪੈਡ ਪ੍ਰਾਜੈਕਟ’ ਦਾ ਹਿੱਸਾ ਹੈ। ਜ਼ਹਿਤਾਬਚੀ ਨੇ ਫ਼ਿਲਮ ਲਈ ਆਸਕਰ ਹਾਸਲ ਕਰਨ ਮੌਕੇ ਕੀਤੀ ਤਕਰੀਰ ਦੌਰਾਨ ਕਿਹਾ, ‘ਮੈਂ ਇਸ ਲਈ ਨਹੀਂ ਰੋ ਰਹੀ ਕਿ ਮੈਨੂੰ ਮਾਹਵਾਰੀ ਆਈ ਹੈ ਜਾਂ ਕੁਝ ਹੋਰ। ਮੈਨੂੰ ਇਹ ਯਕੀਨ ਨਹੀਂ ਹੋ ਰਿਹਾ ਕਿ ਮਾਹਵਾਰੀ ਦੇ ਵਿਸ਼ੇ ‘ਤੇ ਵੀ ਕੋਈ ਫਿਲਮ ਆਸਕਰ ਜਿੱਤ ਸਕਦੀ ਹੈ।’ ਫ਼ਿਲਮਸਾਜ਼ ਨੇ ਤਕਰੀਰ ਵਿੱਚ ਫ਼ਿਲਮ ਦੀ ਨਿਰਮਾਤਾ ਗੁਨੀਤ ਮੌਂਗਾ ਵੱਲੋਂ ਮਾਹਵਾਰੀ ਦੇ ਆਧਾਰ ‘ਤੇ ਔਰਤਾਂ ਨਾਲ ਹੁੰਦੇ ਵਿਤਕਰੇ ਖ਼ਿਲਾਫ਼ ਆਲਮੀ ਪੱਧਰ ‘ਤੇ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਦੀ ਵਿੱਢੀ ਲੜਾਈ ਦਾ ਵੀ ਜ਼ਿਕਰ ਕੀਤਾ। ਉਂਜ ਇਸ ਦਸਤਾਵੇਜ਼ੀ ਵਿੱਚ ਦਿੱਲੀ ਦੇ ਬਾਹਰਵਾਰ ਹਾਪੁੜ ਪਿੰਡ ਦੀ ਕਹਾਣੀ ਨੂੰ ਵਿਖਾਇਆ ਗਿਆ ਹੈ। ਦਸਤਾਵੇਜ਼ੀ ਦੀ ਨਿਰਮਾਤਾ ਮੌਂਗਾ ਨੇ ਕਿਹਾ, ‘ਮਾਹਵਾਰੀ ਸਾਧਾਰਨ ਚੀਜ਼ ਹੈ ਤੇ ਇਹ ਸਾਡੇ ਕਿਸੇ ਵੀ ਕੰਮ ਵਿੱਚ ਅੜਿੱਕਾ ਨਹੀਂ ਬਣਦੀ। ਭਾਰਤ ਦੇ ਕਈ ਪਿੰਡਾਂ ਵਿੱਚ ਪਿਛਲੇ ਦਸ ਸਾਲਾਂ ਤੋਂ ਗੌਰੀ ਚੌਧਰੀ ‘ਐਕਸ਼ਨ ਇੰਡੀਆ’ ਰਾਹੀਂ ਲੜਕੀਆਂ ਨੂੰ ਉਨ੍ਹਾਂ ਦੇ ਮਾਂ ਬਣਨ ਦੇ ਅਧਿਕਾਰਾਂ ਤੋਂ ਜਾਣੂ ਕਰਵਾਉਂਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਜਾਂ ਵਿਸ਼ਵ ਦੇ ਕਿਸੇ ਵੀ ਕੋਨੇ ਦੀਆਂ ਕੁੜੀਆਂ ਨੂੰ ਇਹ ਗੱਲ ਜਾਣਨ ਦੀ ਲੋੜ ਹੈ ਕਿ ਮਾਹਵਾਰੀ, ਜੀਵਨ ਦਾ ਇਕ ਪੜਾਅ ਹੈ ਤੇ ਇਸ ਨਾਲ ਕੁੜੀਆਂ ਦੀ ਸਿੱਖਿਆ ‘ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ। ਮੌਂਗਾ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਸਾਰੀਆਂ ਲੜਕੀਆਂ ਇਹ ਸਮਝਣ ਕਿ ਇਹ ਅਹਿਮ ਹੈ ਤੇ ਉਹ ਖੁ਼ਦ ਵਿੱਚ ਰੱਬ ਹਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *