‘ਗ੍ਰੀਨ ਬੁੱਕ’ ਨੇ ਸਰਵੋਤਮ ਫ਼ਿਲਮ ਦਾ ਆਸਕਰ ਜਿੱਤਿਆ


ਲਾਸ ਏਂਜਲਸ/ ਬਾਇਓਗ੍ਰਾਫੀਕਲ ਡਰਾਮਾ ‘ਗ੍ਰੀਨ ਬੁੱਕ’ ਨੇ 91ਵੇਂ ਅਕੈਡਮੀ ਐਵਾਰਡਜ਼ ਦੌਰਾਨ ਐਲਫੌਂਸੋ ਕਿਊਰੋਨ ਦੀ ਫ਼ਿਲਮ ‘ਰੋਮਾ’ ਦੀ ਜੇਤੂ ਲਹਿਰ ਨੂੰ ਰੋਕਦਿਆਂ ਸਰਵੋਤਮ ਫ਼ਿਲਮ ਦਾ ਆਸਕਰ ਜਿੱਤ ਲਿਆ ਹੈ। ਉਂਜ ਇਸ ਸਾਲ ਦਾ ਆਸਕਰ ਸਮਾਗਮ ਮੈਕਸਿਕੋ ਦੇ ਫ਼ਿਲਮਸਾਜ਼ ਅਲਫੌਂਸੋ ਕਿਊਰੋਨ ਦੇ ਨਾਂ ਰਿਹਾ। ਪੁਰਸਕਾਰ ਸਮਾਗਮ ਦੌਰਾਨ ਉਨ੍ਹਾਂ ਨੂੰ ਫ਼ਿਲਮ ‘ਰੋਮਾ’ ਲਈ ਸਰਵੋਤਮ ਨਿਰਦੇਸ਼ਕ, ਸਰਵੋਤਮ ਸਿਨੇਮਾਟੋਗ੍ਰਾਫ਼ਰ ਤੇ ਵਿਦੇਸ਼ੀ ਫ਼ਿਲਮ ਸ਼੍ਰੇਣੀ ਵਿੱਚ ਸਰਵੋਤਮ ਫਿਲਮ ਦਾ ਪੁਰਸਕਾਰ ਮਿਲਿਆ। ਸਰਵੋਤਮ ਅਦਾਕਾਰ ਤੇ ਅਦਾਕਾਰਾ ਦਾ ਖ਼ਿਤਾਬ ਕ੍ਰਮਵਾਰ ਰਾਮੀ ਮਾਲੇਕ ਤੇ ਓਲੀਵੀਆ ਕੋਲਮੈਨ ਦੀ ਝੋਲੀ ਪਿਆ। ਲੇਡੀ ਗਾਗਾ ਨੂੰ ਉਸ ਦੇ ਗੀਤ ‘ਸ਼ੈਲੋ’ ਲਈ ਓਰਿਜਨਲ ਸੌਂਗ ਸ਼੍ਰੇਣੀ ਵਿੱਚ ਆਸਕਰ ਦਿੱਤਾ ਗਿਆ। ਅਲਫੌਂਸੋ ਕਿਊਰੋਨ ਵੱਲੋਂ ਨਿਰਦੇਸ਼ਿਤ ਫ਼ਿਲਮ ‘ਰੋਮਾ’ ਵਿੱਚ ਇਕ ਘਰੇਲੂ ਸਹਾਇਕਾ ਦੀ ਜ਼ਿੰਦਗੀ ਨੂੰ ਵਿਖਾਇਆ ਗਿਆ ਹੈ। ਕਿਊਰੋਨ ਨੇ ਆਪਣਾ ਪੁਰਸਕਾਰ ਉਨ੍ਹਾਂ ਸਹਾਇਕਾਂ ਨੂੰ ਹੀ ਸਮਰਪਿਤ ਕੀਤਾ। ਉਧਰ ‘ਗ੍ਰੀਨ ਬੁੱਕ’ ਨੂੰ ਸਰਵੋਤਮ ਫ਼ਿਲਮ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ। ਇਹ ਫ਼ਿਲਮ ਅਫਰੀਕੀ-ਅਮਰੀਕੀ ਜੈਜ਼ ਪਿਆਨੋ ਵਾਦਕ ਡਾਕਟਰ ਡਾਨ ਸ਼ਰਲੀ ਦੇ ਜੀਵਨ ‘ਤੇ ਆਧਾਰਿਤ ਸੀ। ਇਸ ਫ਼ਿਲਮ ਨੂੰ ਪੀਟਰ ਫਰੇਲੀ ਨੇ ਨਿਰਦੇਸ਼ਤ ਕੀਤਾ ਹੈ। ਫ਼ਿਲਮ ਦੀ ਕਹਾਣੀ ‘ਨਸਲੀ ਵਿਤਕਰੇ’ ਦੇ ਪਿਛੋਕੜ ‘ਤੇ ਆਧਾਰਿਤ ਹੈ। ਪੀਟਰ ਫਰੇਲੀ ਨੇ ਪੁਰਸਕਾਰ ਹਾਸਲ ਕਰਦਿਆਂ ਫ਼ਿਲਮ ਦੇ ਨਿਰਮਾਤਾ ਸਟੀਵਨ ਸਪੀਲਬਰਗ ਦਾ ਵੀ ਸ਼ੁਕਰੀਆ ਅਦਾ ਕੀਤਾ, ਜਿਨ੍ਹਾਂ ਫ਼ਿਲਮ ਦੀ ਰਿਲੀਜ਼ ਲਈ ਡਿਸਟ੍ਰੀਬਿਊਟਰ ਲੱਭਣ ਵਿੱਚ ਮਦਦ ਕੀਤੀ ਸੀ। ਬ੍ਰਿਟਿਸ਼ ਅਦਾਕਾਰਾ ਓਲੀਵੀਆ ਕੋਲਮੈਨ ਨੂੰ ‘ਦਿ ਫੇਵਰਟ’ ਵਿੱਚ ਕੁਈਨ ਐਨ ਦੇ ਨਿਭਾਏ ਕਿਰਦਾਰ ਲਈ ਸਰਵੋਤਮ ਅਭਿਨੇਤਰੀ ਦੇ ਆਸਕਰ ਨਾਲ ਨਿਵਾਜਿਆ ਗਿਆ। ਇਹ ਉਸ ਦਾ ਪਹਿਲਾ ਆਸਕਰ ਹੈ। ਅਦਾਕਾਰ ਰਾਮੀ ਮਾਲੇਕ ਨੂੰ ‘ਬੋਹੈਮੀਅਨ ਰੈਪਸਡੀ’ ਲਈ ਸਰਵੋਤਮ ਅਦਾਕਾਰ ਦਾ ਆਸਕਰ ਮਿਲਿਆ। ਪੌਪ ਸੁਪਰਸਟਾਰ ਲੇਡੀ ਗਾਗਾ ਨੂੰ ‘ਏ ਸਟਾਰ ਇਜ਼ ਬੌਰਨ’ ਦੇ ਗੀਤ ‘ਸ਼ੈਲੋ’ ਲਈ ਸਰਵੋਤਮ ਓਰਿਜਨਲ ਸੌਂਗ ਲਈ ਆਸਕਰ ਨਾਲ ਨਿਵਾਜ਼ਿਆ ਗਿਆ। ਗਾਗਾ ਦਾ ਇਹ ਪਹਿਲਾ ਆਸਕਰ ਹੈ। ਐਨੀਮੇਸ਼ਨ ਫ਼ਿਲਮ ਸ਼੍ਰੇਣੀ ਵਿੱਚ ਫ਼ਿਲ ਲਾਰਡ ਤੇ ਕ੍ਰਿਸਟੋਫਰ ਦੀ ਫ਼ਿਲਮ ‘ਸਪਾਈਡਰ ਮੈਨ: ਇੰਟੂ ਦਾ ਸਪਾਈਡਰ ਵਰਸ’ ਨੂੰ ਸਰਵੋਤਮ ਐਨੀਮੇਸ਼ਨ ਫ਼ਿਲਮ ਦਾ ਐਜਾਜ਼ ਦਿੱਤਾ ਗਿਆ। ਮਹੇਰਸ਼ਲਾ ਅਲੀ ਨੂੰ ਸਰਵੋਤਮ ਸਹਿ ਅਭਿਨੇਤਾ ਦਾ ਪੁਰਸਕਾਰ ਮਿਲਿਆ। ਉਨ੍ਹਾਂ ਨੂੰ ਇਹ ਪੁਰਸਕਾਰ ‘ਗ੍ਰੀਨ ਬੁੱਕ’ ਲਈ ਦਿੱਤਾ ਗਿਆ। ਸਹਾਇਕ ਸਹਿ ਅਭਿਨੇਤਰੀ ਦਾ ਆਸਕਰ ਫ਼ਿਲਮ ‘ਇਫ਼ ਬੀਲ ਸਟਰੀਟ ਕੁਡ ਟਾਕ’ ਲਈ ਰੇਜਿਨਾ ਕਿੰਗ ਦੀ ਝੋਲੀ ਪਿਆ। ਫ਼ਿਲਮ ‘ਬਲੈਕ ਪੈਂਥਰ ਲਈ ਰੁਥ ਈ ਕਾਰਟਰ ਨੂੰ ਸਰਵੋਤਮ ਪੁਸ਼ਾਕ ਡਿਜ਼ਾਈਨ ਕਰਨ ਲਈ ਆਸਕਰ ਮਿਲਿਆ। ਇਸ ਸ਼੍ਰੇਣੀ ਵਿੱਚ ਆਸਕਰ ਜਿੱਤਣ ਵਾਲੀ ਉਹ ਪਹਿਲੀ ਸਿਆਹਫਾਮ ਮਹਿਲਾ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *