ਪ੍ਰਧਾਨ ਮੰਤਰੀ ਨੇ ਕੌਮੀ ਜੰਗੀ ਯਾਦਗਾਰ ਦੇਸ਼ ਨੂੰ ਸਮਰਪਿਤ ਕੀਤੀ


ਪਿਛਲੀਆਂ ਸਰਕਾਰਾਂ ਨੇ ਰਾਸ਼ਟਰ ਹਿੱਤ ਦੀ ਥਾਂ ‘ਤੇ ਵੰਸ਼ਵਾਦ ਨੂੰ ਦਿੱਤੀ ਤਰਜੀਹ:ਮੋਦੀ
ਨਵੀਂ ਦਿੱਲੀ/ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਇੰਡੀਆ ਗੇਟ’ ਦੇ ਨੇੜੇ 40 ਏਕੜ ਰਕਬੇ ‘ਚ 176 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਕੌਮੀ ਜੰਗੀ ਯਾਦਗਾਰ ਨੂੰ ਰਾਸ਼ਟਰ ਸਮਰਪਿਤ ਕੀਤਾ, ਜਿਸ ‘ਚ 1947 ਤੋਂ ਬਾਅਦ ਹੋਈਆਂ ਜੰਗਾਂ ‘ਚ ਸ਼ਹੀਦ ਹੋਣ ਵਾਲੇ 25 ਹਜ਼ਾਰ 942 ਜਵਾਨਾਂ ਦੇ ਨਾਂਅ ਉਕਰਨ ਤੋਂ ਇਲਾਵਾ 21 ਪਰਮਵੀਰ ਚੱਕਰ ਜੇਤੂਆਂ ਦੇ ਬੁੱਤ ਵੀ ਲਾਏ ਗਏ ਹਨ। ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ‘ਚ ਯਾਦਗਾਰ ਦਾ ਉਦਘਾਟਨ ਕਰਦਿਆਂ ਪ੍ਰਧਾਨ ਮੰਤਰੀ ਨੇ ਫ਼ੌਜੀਆਂ ਦੀ ਬਹਾਦਰੀ ਅਤੇ ਬਲਿਦਾਨ ਦੇ ਪ੍ਰਤੀਕ ਇਸ ਸਮਾਰਕ ਨੂੰ ‘ਤੀਰਥ ਸਥਾਨ’ ਦਾ ਦਰਜਾ ਦਿੱਤਾ ਅਤੇ ਸਟੇਡੀਅਮ ‘ਚ ਮੌਜੂਦ ਸਾਬਕਾ ਫ਼ੌਜੀਆਂ ਨੂੰ ਆਪਣੇ ਅੰਦਾਜ਼ ‘ਚ ਨਮਨ ਕਰਦਿਆਂ ਕਿਹਾ ਕਿ ਉਹ ‘ਸਾਬਕਾ ਨਹੀਂ ਸਗੋਂ ਬੇਮਿਸਾਲ’ ਹਨ। ਪ੍ਰਧਾਨ ਮੰਤਰੀ ਨੇ ਆਪਣੇ ਤਕਰੀਬਨ 30 ਮਿੰਟ ਦੇ ਭਾਸ਼ਣ ‘ਚ ਨਾ ਸਿਰਫ ਆਪਣੀ ਸਰਕਾਰ ਨੂੰ ਫੌਜੀਆਂ ਅਤੇ ਸਾਬਕਾ ਫੌਜੀਆਂ ਦਾ ‘ਸ਼ੁਭ ਚਿੰਤਕ’ ਕਰਾਰ ਦਿੱਤਾ, ਸਗੋਂ ਬਿਨਾਂ ਨਾਂਅ ਲਏ ਪਿਛਲੀਆਂ ਸਰਕਾਰਾਂ ‘ਤੇ ਫੌਜੀਆਂ ਦੀ ਅਣਗਹਿਲੀ ਕਰਨ ਦਾ ਦੋਸ਼ ਲਾਉਂਦਿਆਂ ਜੰਮ ਕੇ ਨਿਸ਼ਾਨਾ ਬਣਾਇਆ।
ਕਾਂਗਰਸ ਨੂੰ ਕੇਂਦਰ ‘ਚ ਰੱਖ ਕੇ ਅਸਿੱਧੇ ਤੌਰ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਖ਼ੁਦ ਨੂੰ ਭਾਰਤ ਦੀ ਕਿਸਮਤ ਦੇ ਰਚਣਹਾਰ ਸਮਝਣ ਵਾਲਿਆਂ ਨੇ ਫ਼ੌਜੀਆਂ ਅਤੇ ਰਾਸ਼ਟਰੀ ਸੁਰੱਖਿਆ ਨੂੰ ਨਜ਼ਰਅੰਦਾਜ਼ ਕਰਨ ‘ਚ ਕੋਈ ਕਸਰ ਨਹੀਂ ਛੱਡੀ। ਮੋਦੀ ਨੇ ਤਨਜ਼ ਕਰਦਿਆਂ ਕਿਹਾ ਕਿ ਦੇਸ਼ ਸਵਾਲ ਪੁੱਛ ਰਿਹਾ ਹੈ ਕਿ ਦੇਸ਼ ਦੇ ਫ਼ੌਜੀਆਂ ਨਾਲ ਇਹ ਵਿਤਕਰਾ ਕਿਉਂ? ਇਸ ਦਾ ਜਵਾਬ ਇਹ ਹੀ ਹੈ ਕਿ ‘ਇੰਡੀਆ ਫਸਟ ਜਾਂ ਫੈਮਿਲੀ ਫਸਟ’। ਵੰਸ਼ਵਾਦ ‘ਤੇ ਕਾਂਗਰਸ ਨੂੰ ਘੇਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ (ਕਾਂਗਰਸ) ਨੇ ਕਦੇ ਵੀ ਭਾਰਤ ਦੀ ਪ੍ਰੰਪਰਾ ਨੂੰ ਅਹਿਮੀਅਤ ਨਹੀਂ ਦਿੱਤੀ। ਇਸ ਦੇ ਨਾਲ ਹੀ ਆਪਣੀ ਸਰਕਾਰ ‘ਤੇ ਪਟੇਲ ਅਤੇ ਸੁਭਾਸ਼ ਚੰਦਰ ਬੋਸ ਵਰਗੇ ਆਗੂਆਂ ਨੂੰ ‘ਸਨਮਾਨ’ ਦੇਣ ਦਾ ਸਿਹਰਾ ਬੰਨ੍ਹਦਿਆਂ ਕਿਹਾ ਕਿ ਇਨ੍ਹਾਂ ਨੂੰ ਰਾਸ਼ਟਰ ਦੀ ਪਹਿਚਾਣ ਅਤੇ ਨਵੇਂ ਭਾਰਤ ਨਾਲ ਜੋੜਿਆ ਗਿਆ ਹੈ।
ਰਾਫ਼ੇਲ ਮਾਮਲੇ ‘ਚ ਪ੍ਰਧਾਨ ਮੰਤਰੀ ਨੂੰ ਹਮਲਾਵਰ ਤਰੀਕੇ ਨਾਲ ਨਿਸ਼ਾਨਾ ਬਣਾਉਣ ਵਾਲੀ ਕਾਂਗਰਸ ਨੂੰ ਮੋਦੀ ਨੇ ਆਪਣੇ ਭਾਸ਼ਣ ‘ਚ ਨਾ ਸਿਰਫ ਨਿਸ਼ਾਨੇ ‘ਤੇ ਲਿਆ, ਸਗੋਂ ਬੋਫੋਰਸ ਘੁਟਾਲੇ ਦਾ ਜ਼ਿਕਰ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ। ਇਕੋ ਰੌਂਅ ‘ਚ ਬੋਲਦਿਆਂ ਮੋਦੀ ਨੇ ਕਿਹਾ ਕਿ ਬੋਫੋਰਸ ਅਤੇ ਹੋਰ ਘੁਟਾਲਿਆਂ ਦਾ ਇਕ ਹੀ ਪਰਿਵਾਰ ਤੱਕ ਪਹੁੰਚਣਾ ਬਹੁਤ ਕੁਝ ਕਹਿੰਦਾ ਹੈ। ਇਸ ਦੇ ਫੌਰਨ ਬਾਅਦ ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਰਾਫ਼ੇਲ ਉਡਾਣ ਭਰੇਗਾ ਉਦੋਂ ਇਨ੍ਹਾਂ ਨੂੰ ਜਵਾਬ ਮਿਲੇਗਾ। ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਾਸ਼ਟਰ ਹਿੱਤ ਨੂੰ ਨਜ਼ਰਅੰਦਾਜ਼ ਕਰਦਿਆਂ ਜੋ ਫ਼ੈਸਲੇ ਦਹਾਕਿਆਂ ਤੋਂ ਰੁਕੇ ਹੋਏ ਹਨ, ਉਹ ਹੁਣ ਪੂਰੇ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਰਾਫ਼ੇਲ ਸੌਦੇ ‘ਚ 36 ਜੰਗੀ ਜਹਾਜ਼ਾਂ ਅਤੇ ਵਧੀ ਹੋਈ ਕੀਮਤ ਨੂੰ ਰਾਸ਼ਟਰੀ ਮੁੱਦਾ ਬਣਾ ਕੇ ਲਗਾਤਾਰ ਉਠਾਉਂਦੀ ਰਹੀ ਹੈ। ਲੋਕ ਸਭਾ ਚੋਣਾਂ ‘ਚ ਕਾਂਗਰਸ ਦੇ ਅਹਿਮ ਮੁੱਦਿਆਂ ‘ਚ ਰਾਫ਼ੇਲ ਦਾ ਮੁੱਦਾ ਵੀ ਅਹਿਮ ਹੈ। ਮੋਦੀ ਨੇ ‘ਬੁਲੇਟ ਪਰੂਫ਼’ ਜੈਕਟਾਂ ਦਾ ਮੁੱਦਾ ਵੀ ਉਠਾਉਂਦਿਆਂ ਕਿਹਾ ਕਿ 2009 ‘ਚ ਫੌਜ ਨੇ ਜੈਕਟਾਂ ਦੀ ਮੰਗ ਕੀਤੀ ਸੀ ਪਰ 2014 ਤੱਕ ਇਹ ਖਰੀਦੀਆਂ ਨਹੀਂ ਗਈਆਂ ਸਨ। ਫੌਜੀਆਂ ਦੀ ਇਹ ਮੰਗ ਵੀ ਉਨ੍ਹਾਂ ਦੀ ਸਰਕਾਰ ਤੋਂ ਬਾਅਦ ਹੀ ਪੂਰੀ ਕੀਤੀ ਗਈ।
2 ਲੱਖ 30 ਹਜ਼ਾਰ ਜੈਕਟਾਂ, 70 ਹਜ਼ਾਰ ਅਸਾਲਟ ਰਾਈਫਲਾਂ, ‘ਵਨ ਰੈਂਕ ਵਨ ਪੈਨਸ਼ਨ’ ਲਾਗੂ ਕਰਨ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਦੱਸਣ ਦੇ ਨਾਲ ਪ੍ਰਧਾਨ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਕਿ ਛੇਤੀ ਹੀ ਫ਼ੌਜੀਆਂ ਲਈ 3 ਸੁਪਰ ਸਪੈਸ਼ਲਿਟੀ ਹਸਪਤਾਲ ਬਣਾਏ ਜਾਣਗੇ। ਇਥੇ ਜ਼ਿਕਰਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਆਪਣੀ ਚੋਣ ਮੁਹਿੰਮ ਰਿਵਾੜੀ ‘ਚ ਸਾਬਕਾ ਫੌਜੀਆਂ ਨੂੰ ਸੰਬੋਧਨ ਕਰਦਿਆਂ ਸ਼ੁਰੂ ਕੀਤੀ ਸੀ, ਜਿਸ ‘ਚ ਸੇਵਾ ਮੁਕਤ ਜਨਰਲ ਵੀ. ਕੇ. ਸਿੰਘ, ਜੋ ਕਿ ਹੁਣ ਵਿਦੇਸ਼ ਰਾਜ ਮੰਤਰੀ ਹਨ, ਨੇ ਸ਼ਿਰਕਤ ਕੀਤੀ ਸੀ। ਮੋਦੀ ਨੇ ਉਸ ਰੈਲੀ ‘ਚ ‘ਵਨ ਰੈਂਕ ਵਨ ਪੈਨਸ਼ਨ’ ਲਾਗੂ ਕਰਨ ਦਾ ਐਲਾਨ ਕੀਤਾ ਸੀ।
ਮੋਦੀ ਨੇ ਭਾਸ਼ਣ ਦੀ ਸ਼ੁਰੂਆਤ ‘ਚ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਦੇਸ਼ ਦਾ ਮਨੋਬਲ ਹੀ ਫ਼ੌਜ ਦਾ ਮਨੋਬਲ ਤੈਅ ਕਰਦਾ ਹੈ। ਮੋਦੀ ਨੇ ਲਤਾ ਮੰਗੇਸ਼ਕਰ ਦੇ ਗਾਏ ਉਸ ਗੀਤ ‘ਐ ਮੇਰੇ ਵਤਨ ਕੇ ਲੋਗੋ’ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ, ਜੋ ਜਵਾਨਾਂ ਦੀ ਸ਼ਹਾਦਤ ਲਈ ਅਮਰ ਗੀਤ ਬਣ ਗਿਆ ਹੈ। ਉਨ੍ਹਾਂ ਸਰਕਾਰ ਦੀ ਉਪਲਬਧੀ ਵਜੋਂ ਸਾਬਕਾ ਫੌਜੀਆਂ ਲਈ ਬਣਾਏ ਆਨਲਾਈਨ ਪੋਰਟਲ ਅਤੇ ਮੁਕਾਬਲੇ ‘ਚ ਜਾਨ ਗੁਆਉਣ ਵਾਲੇ ਫੌਜੀਆਂ ਦੇ ਪਰਿਵਾਰਾਂ ਨੂੰ ਪੈਨਸ਼ਨ ਦੇ ਹੱਕ ਦਾ ਵੀ ਜ਼ਿਕਰ ਕੀਤਾ।
ਕੌਮੀ ਜੰਗੀ ਯਾਦਗਾਰ ਫੌਜੀਆਂ ਦੀ ਯਾਦ ‘ਚ ਬਣੇ ਇੰਡੀਆ ਗੇਟ ਅਤੇ ਅਮਰ ਜਵਾਨ ਜੋਤੀ ਤੋਂ ਬਾਅਦ ਬਣਨ ਵਾਲਾ ਪਹਿਲਾ ਸਮਾਰਕ ਹੈ। ਅੰਗਰੇਜ਼ਾਂ ਨੇ ਪਹਿਲੀ ਵਿਸ਼ਵ ਜੰਗ ‘ਚ ਸ਼ਹੀਦ ਹੋਣ ਵਾਲੇ ਭਾਰਤੀਆਂ ਦੀ ਯਾਦ ‘ਚ ਇੰਡੀਆ ਗੇਟ ਬਣਵਾਇਆ ਸੀ, ਜਦਕਿ 1971 ਦੀ ਜੰਗ ‘ਚ ਸ਼ਹੀਦ ਹੋਏ 3843 ਫ਼ੌਜੀਆਂ ਦੇ ਸਨਮਾਨ ‘ਚ ਅਮਰ ਜਵਾਨ ਜੋਤੀ ਬਣਾਈ ਗਈ ਸੀ।
1962 ਦੀ ਭਾਰਤ-ਚੀਨ, 1947, 1965 ਅਤੇ 1971 ਦੀ ਭਾਰਤ-ਪਾਕਿਸਤਾਨ ਜੰਗ ਅਤੇ 1999 ‘ਚ ਕਾਰਗਿਲ ਦੇ ਸ਼ਹੀਦਾਂ ਸਮੇਤ 25942 ਸ਼ਹੀਦਾਂ ਦੇ ਨਾਂਅ ਸ਼ਾਮਿਲ ਕੀਤੇ ਗਏ ਹਨ। ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ ਦੇ ਅਮਨ ਮਿਸ਼ਨਾਂ, ਮਨੁੱਖਤਾਵਾਦੀ ਮਦਦ ਲਈ ਕੀਤੀਆਂ ਭਾਰਤ ਦੀਆਂ ਪਹਿਲਕਦਮੀਆਂ ‘ਚ ਸ਼ਹੀਦ ਹੋਏ ਜਵਾਨਾਂ ਦੇ ਨਾਂਅ ਵੀ ਇਸ ‘ਚ ਸ਼ਾਮਿਲ ਕੀਤੇ ਗਏ ਹਨ। 16 ਦੀਵਾਰਾਂ ਨੂੰ ਪੁਰਾਤਨ ਭਾਰਤ ਦੇ ਜੰਗੀ ਜੁਗਤ ‘ਚੱਕਰਵਿਊ’ ਦੇ ਆਧਾਰ ‘ਤੇ ਬਣਾਇਆ ਗਿਆ ਹੈ। ਸਮਾਰਕ ਨੂੰ ਚਾਰ ਚੱਕਰਾਂ ‘ਤੇ ਕੇਂਦਰਿਤ ਰੱਖਿਆ ਗਿਆ ਹੈ : ਅਮਰ ਚੱਕਰ, ਬੀਰਤਾ ਚੱਕਰ, ਤਿਆਗ ਚੱਕਰ ਅਤੇ ਰੱਖਿਆ ਚੱਕਰ, ਜਿਸ ‘ਚ ਹਵਾਈ ਫੌਜ, ਸਮੁੰਦਰੀ ਫੌਜ ਅਤੇ ਥਲ ਫੌਜ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ।
ਕੌਮੀ ਜੰਗੀ ਯਾਦਗਾਰ ਦਾ ਪ੍ਰਸਤਾਵ ਪਹਿਲੀ ਵਾਰ ਹਥਿਆਰਬੰਦ ਫੌਜਾਂ ਵਲੋਂ 1960 ‘ਚ ਦਿੱਤਾ ਗਿਆ ਸੀ, ਜਿਸ ਨੂੰ ਅਕਤੂਬਰ 2015 ‘ਚ ਮੋਦੀ ਸਰਕਾਰ ਵਲੋਂ ਮਨਜ਼ੂਰੀ ਦਿੱਤੀ ਗਈ ਸੀ। ਸਮਾਰਕ ਦੇ ਕੇਂਦਰ ‘ਚ 15 ਮੀਟਰ ਉੱਚਾ ਥੰਮ੍ਹ ਬਣਾਇਆ ਗਿਆ ਹੈ, ਜਿਸ ‘ਚ ਗ੍ਰਾਫਿਕ ਪੈਨਲ, ਚਿੱਤਰਕਾਰੀ, ਸ਼ਹੀਦਾਂ ਦੇ ਨਾਂਅ ਅਤੇ 21 ਪਰਮਵੀਰ ਚੱਕਰ ਜੇਤੂਆਂ ਦੀਆਂ ਮੂਰਤੀਆਂ ਬਣਾਈਆਂ ਗਈਆਂ ਹਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *