ਡਿਊਟੀ ਮੈਜਿਸਟਰੇਟ ਨੇ ਦਿੱਤਾ ਸੀ ਗੋਲੀ ਚਲਾਉਣ ਦਾ ਹੁਕਮ : ਸੁਮੇਧ ਸੈਣੀ


ਕਿਹਾ ਕਿ ਘਟਨਾ ਵਾਲੀ ਥਾਂ ਉੱਤੇ ਛੇ ਡਿਊਟੀ ਮੈਜਿਸਟਰੇਟ ਅਤੇ ਵੱਡੇ ਅਧਿਕਾਰੀ ਮੌਜੂਦ ਸਨ
ਕਿਹਾ ਕਿ ਭੀੜ ਨੇ ਪੁਲਿਸ ਉੱਤੇ ਹਮਲਾ ਕਰ ਦਿੱਤਾ ਸੀ
ਚੰਡੀਗੜ੍ਹ/ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਕੋਟਕਪੂਰਾ ਤੇ ਬਹਿਬਲ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਹੋਈ ਬੇਅਦਬੀ ਤੋਂ ਬਾਅਦ ਵਾਪਰੀਆਂ ਘਟਨਾਵਾਂ ਦੀ ਜਾਂਚ ਲਈ ਐਡੀਸ਼ਨਲ ਡੀ.ਜੀ.ਪੀ. ਪ੍ਰਬੋਧ ਕੁਮਾਰ ਦੀ ਅਗਵਾਈ ‘ਚ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵਲੋਂ ਸੋਮਵਾਰ ਨੂੰ ਇਨ੍ਹਾਂ ਘਟਨਾਵਾਂ ਮੌਕੇ ਰਾਜ ਦੇ ਡੀ.ਜੀ.ਪੀ. ਰਹੇ ਸੁਮੇਧ ਸੈਣੀ ਕੋਲੋਂ ਤਕਰੀਬਨ 2 ਘੰਟੇ ਪੁੱਛਗਿੱਛ ਕੀਤੀ ਗਈ। ਇਹ ਪੁੱਛਗਿੱਛ ਜੋ ਪੰਜਾਬ ਆਰਮਡ ਪੁਲਿਸ ਦੇ ਚੰਡੀਗੜ੍ਹ ਸਥਿਤ 88 ਬਟਾਲੀਅਨ ਦੇ ਹੈੱਡਕੁਆਟਰ ਵਿਖੇ ਕੀਤੀ ਗਈ ‘ਚ ਟੀਮ ਦੇ ਸਾਰੇ ਪੰਜੇ ਮੈਂਬਰ ਹਾਜ਼ਰ ਸਨ।ਇਸ ਮੌਕੇ ਸਾਬਕਾ ਡੀਜੀਪੀ ਨੇ ਦੱਸਿਆ ਕਿ ਗੋਲੀ ਚਲਾਉਣ ਦਾ ਆਦੇਸ਼ ਡਿਊਟੀ ਮੈਜਿਸਟਰੇਟ ਵੱਲੋਂ ਦਿੱਤਾ ਗਿਆ ਸੀ ਅਤੇ ਘਟਨਾ ਵਾਲੀ ਥਾਂ ਉਤੇ ਉਸ ਸਮੇਂ ਛੇ ਡਿਊਟੀ ਮੈਜਿਸਟਰੇਟਾਂ ਤੋਂ ਇਲਾਵਾ ਕਈ ਵੱਡੇ ਅਧਿਕਾਰੀ ਵੀ ਮੌਜੂਦ ਸਨ।ਜਾਣਕਾਰ ਸੂਤਰਾਂ ਅਨੁਸਾਰ ਸਾਬਕਾ ਪੁਲਿਸ ਮੁਖੀ ਸੈਣੀ, ਜੋ 3 ਵਜੇ ਤੋਂ ਕੁਝ ਮਿੰਟ ਪਹਿਲਾਂ ਬਟਾਲੀਅਨ ਹੈੱਡਕੁਆਟਰ ਪੁੱਜੇ ਤੋਂ ਇਸ ਘਟਨਾ ਨਾਲ ਸਬੰਧਿਤ ਸਵਾਲ ਕੀਤੇ ਗਏ ਤੇ ਉਨ੍ਹਾਂ ਵਲੋਂ ਲਗਾਤਾਰ ਸਾਰੀ ਰਾਤ ਕੁਝ ਪੁਲਿਸ ਅਧਿਕਾਰੀਆਂ ਨਾਲ ਹੁੰਦੀ ਰਹੀ ਟੈਲੀਫ਼ੋਨ ‘ਤੇ ਗੱਲਬਾਤ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ। ਵਿਸ਼ੇਸ਼ ਤੌਰ ‘ਤੇ ਦੂਜੇ ਜ਼ਿਲ੍ਹਿਆਂ ਤੋਂ ਭੇਜੀ ਗਈ ਪੁਲਿਸ ਫੋਰਸ, ਜਿਨ੍ਹਾਂ ‘ਚ ਇਸ ਸਮੇਂ ਹਿਰਾਸਤ ਵਿਚ ਆਈ.ਜੀ. ਪੱਧਰ ਦੇ ਅਧਿਕਾਰੀ ਪਰਮਰਾਜ ਸਿੰਘ ਉਮਰਾਨੰਗਲ ਤੇ ਐਸ਼.ਐਸ਼.ਪੀ. ਪੱਧਰ ਦੇ ਸੇਵਾ-ਮੁਕਤ ਅਧਿਕਾਰੀ ਚਰਨਜੀਤ ਸ਼ਰਮਾ ਵੀ ਸ਼ਾਮਿਲ ਹਨ। ਉਮਰਾਨੰਗਲ ਤਕਰੀਬਨ ਸਾਰੀ ਰਾਤ ਸਾਬਕਾ ਡੀ.ਜੀ.ਪੀ. ਨਾਲ ਟੈਲੀਫ਼ੋਨ ‘ਤੇ ਸੰਪਰਕ ‘ਚ ਸਨ। ਜਾਣਕਾਰੀ ਅਨੁਸਾਰ ਸੁਮੇਧ ਸੈਣੀ ਨੇ ਕਿਹਾ ਕਿ ਦੂਜੇ ਜ਼ਿਲ੍ਹਿਆਂ ਦੀ ਫੋਰਸ ਉਨ੍ਹਾਂ ਦੇ ਆਦੇਸ਼ਾਂ ‘ਤੇ ਕੋਟਕਪੂਰਾ ਗਈ। ਇਹ ਵੀ ਪਤਾ ਲੱਗਾ ਹੈ ਕਿ ਉਨ੍ਹਾਂ ਕਿਹਾ ਕਿ ਕੋਟਕਪੂਰਾ ਵਿਖੇ ਧਾਰਾ 144 ਲਾਗੂ ਹੋਣ ਦੇ ਬਾਵਜੂਦ 2000 ਦੇ ਕਰੀਬ ਲੋਕ ਧਰਨਾ ਦੇ ਰਹੇ ਸਨ ਤੇ ਰਾਜ ਦੇ ਖ਼ੁਫ਼ੀਆ ਤੰਤਰ ਦੀਆਂ ਅਜਿਹੀਆਂ ਰਿਪੋਰਟਾਂ ਸਨ ਕਿ ਅਗਲੇ ਦਿਨ ਰਾਜ ਦੇ ਦੂਜੇ ਜ਼ਿਲ੍ਹਿਆਂ ਤੋਂ ਵੀ ਵੱਡੀ ਗਿਣਤੀ ‘ਚ ਲੋਕ ਇਸ ਧਰਨੇ ‘ਚ ਸ਼ਾਮਿਲ ਹੋਣ ਲਈ ਆ ਸਕਦੇ ਹਨ ਤੇ ਅਮਨ-ਕਾਨੂੰਨ ਦੀ ਸਥਿਤੀ ਲਈ ਖ਼ਤਰਾ ਪੈਦਾ ਹੋ ਸਕਦਾ ਹੈ। ਸੂਚਨਾ ਅਨੁਸਾਰ ਸੁਮੇਧ ਸੈਣੀ ਤੋਂ ਉਨ੍ਹਾਂ ਦੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਟੈਲੀਫ਼ੋਨ ‘ਤੇ ਹੋਈ ਗੱਲਬਾਤ ਸਬੰਧੀ ਵੀ ਪੁੱਛਗਿੱਛ ਕੀਤੀ ਗਈ ਅਤੇ ਇਹ ਵੀ ਪੁੱਛਿਆ ਗਿਆ ਕਿ ਉਕਤ ਧਰਨਾ ਚੁੱਕਣ ਲਈ ਆਦੇਸ਼ ਜਾਂ ਫ਼ੈਸਲਾ ਕਿਸ ਪੱਧਰ ‘ਤੇ ਲਿਆ ਗਿਆ ਸੀ। ਸੁਮੇਧ ਸੈਣੀ ਜਿਨ੍ਹਾਂ ਨੂੰ ਕਿ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੋਈ ਹੈ ਆਪਣੇ ਸੁਰੱਖਿਆ ਅਮਲੇ ਨਾਲ ਗੱਡੀਆਂ ਦੇ ਕਾਫ਼ਲੇ ਨਾਲ ਪੁੱਛਗਿੱਛ ਲਈ ਪੁੱਜੇ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਸੈਣੀ ਦਾ ਰਵੱਈਆ ਪੁੱਛਗਿੱਛ ਦੌਰਾਨ ਮਿਲਵਰਤਨ ਵਾਲਾ ਸੀ ਤੇ ਉਨ੍ਹਾਂ ਬਹਿਬਲ ਕਲਾਂ ਵਿਖੇ ਗੋਲੀ ਕਾਰਨ ਮਾਰੇ ਗਏ 2 ਨੌਜਵਾਨਾਂ ਦੇ ਮਾਮਲੇ ‘ਚ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਸਵੇਰੇ ਵਿਸ਼ੇਸ਼ ਜਾਂਚ ਟੀਮ ਵਲੋਂ ਮਗਰਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਇਨ੍ਹਾਂ ਘਟਨਾਵਾਂ ਦੀ ਜਾਂਚ ਲਈ ਬਣਾਈ ਗਈ ਐਡੀਸ਼ਨਲ ਡੀ.ਜੀ.ਪੀ. ਆਈ.ਪੀ.ਐਸ਼ ਸਹੋਤਾ ਦੀ ਅਗਵਾਈ ਵਾਲੀ ਜਾਂਚ ਟੀਮ ਨਾਲ ਵੀ ਕੋਈ 2.30 ਘੰਟੇ ਗੱਲਬਾਤ ਕੀਤੀ। ਇਸ ‘ਚ ਉਸ ਮੌਕੇ ਦੇ ਫ਼ਿਰੋਜ਼ਪੁਰ ਦੇ ਡੀ.ਆਈ.ਜੀ. ਅਮਰ ਸਿੰਘ ਚਾਹਲ ਤੇ ਬਠਿੰਡਾ ਦੇ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਵੀ ਸ਼ਾਮਿਲ ਸਨ। ਇਸੇ ਜਾਂਚ ਟੀਮ ਦੀ ਰਿਪੋਰਟ ਦੇ ਆਧਾਰ ‘ਤੇ ਮਗਰਲੀ ਸਰਕਾਰ ਦੌਰਾਨ ਅਣਪਛਾਤੇ ਲੋਕਾਂ ਵਿਰੁੱਧ ਗੋਲੀ ਚਲਾਉਣ ਦੇ ਦੋਸ਼ ‘ਚ ਕੇਸ ਦਰਜ ਕੀਤਾ ਗਿਆ ਸੀ। ਸੂਚਨਾ ਅਨੁਸਾਰ ਜਾਂਚ ਟੀਮ ਹੁਣ ਇਸ ਗੱਲ ਦਾ ਵੀ ਪਤਾ ਲਗਾ ਰਹੀ ਹੈ ਕਿ ਕੀ ਉਸ ਮੌਕੇ ਜਾਂਚ ਟੀਮ ‘ਤੇ ਕਿਸੇ ਤਰ੍ਹਾਂ ਦਾ ਦਬਾਅ ਤਾਂ ਨਹੀਂ ਸੀ, ਜਿਸ ਕਾਰਨ ਜਾਂਚ ਟੀਮ ਆਪਣੀਆਂ ਰਿਪੋਰਟਾਂ ‘ਚ ਦੋਸ਼ੀ ਨਾਮਜ਼ਦ ਨਹੀਂ ਕਰ ਸਕੀ। ਉੱਚ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਚੱਲ ਰਹੀ ਇਸ ਜਾਂਚ ਤੇ ਪੁੱਛਗਿੱਛ ਦੌਰਾਨ ਆਉਂਦੇ ਕੁਝ ਦਿਨਾਂ ਦੌਰਾਨ ਵਿਸ਼ੇਸ਼ ਜਾਂਚ ਟੀਮ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਕੁਝ ਹੋਰ ਅਧਿਕਾਰੀਆਂ ਤੋਂ ਵੀ ਦੁਬਾਰਾ ਪੁੱਛਗਿੱਛ ਕੀਤੀ ਜਾ ਸਕਦੀ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *