ਸਿਹਤ ਏਜੰਸੀ ਵੱਲੋਂ ਸਾਰਿਆਂ ਲਈ ਖਸਰੇ ਦੀ ਦਵਾਈ ਯਕੀਨੀ ਬਣਾਉਣ ਤੇ ਜ਼ੋਰ

ਟੋਰਾਂਟੋ/ ਕੈਨੇਡਾ ਦੇ ਇੱਕ ਵੱਡੇ ਡਾਕਟਰ ਵੱਲੋਂ ਕੈਨੇਡਾ ਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿਚ ਫੈਲੀ ਖਸਰੇ ਦੀ ਬੀਮਾਰੀ ਨੂੰ ਵੇਖਦਿਆਂ, ਜਿਹਨਾਂ ਨੇ ਖਸਰੇ ਦੀ ਦਵਾਈ ਨਹੀਂ ਖਾਧੀ ਹੈ, ਉਹ ਤੁਰੰਤ ਇਸ ਦਵਾਈ ਨੂੰ ਖਾਣ। ਉਹਨਾਂ ਇਹ ਵੀ ਕਿਹਾ ਕਿ ਯਾਤਰੀਆਂ ਰਾਹੀਂ ਦੇਸ਼ ਅੰਦਰ ਖਸਰੇ ਦੇ ਆਉਣ ਦਾ ਖ਼ਤਰਾ ਹਮੇਸ਼ਾਂ ਮੌਜੂਦ ਰਹਿੰਦਾ ਹੈ।
ਕੈਨੇਡਾ ਦੇ ਮੁੱਖ ਸਿਹਤ ਅਧਿਕਾਰੀ ਡਾਕਟਰ ਟਰੇਸਾ ਟੈਮ ਨੇ ਕਿਹਾ ਕਿ ਖਸਰਾ ਇੱਕ ਗੰਭੀਰ ਅਤੇ ਤੇਜ਼ੀ ਨਾਲ ਫੈਲਣ ਵਾਲੀ ਬੀਮਾਰੀ ਹੈ। ਦਵਾਈ ਲੈਣਾ ਹੀ ਇਸ ਬੀਮਾਰੀ ਤੋਂ ਬਚਣ ਅਤੇ ਇਸ ਨੂੰ ਅੱਗੇ ਦੂਸਰਿਆਂ ਤਕ ਫੈਲਾਉਣ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ।
ਹਾਲ ਹੀ ਦੇ ਹਫਤਿਆਂ ਦੌਰਾਨ ਵੈਨਕੂਵਰ ਅੰਦਰ ਖਸਰੇ ਦੇ ਸੱਤ ਕੇਸ ਸਾਹਮਣੇ ਆਉਣ ਮਗਰੋਂ ਡਾਕਟਰ ਟੈਮ ਨੇ ਇਹ ਟਿੱਪਣੀਆਂ ਕੀਤੀਆਂ ਹਨ। ਇਹ ਕੇਸ ਵੀਅਤਨਾਮ ਨੂੰ ਪਰਿਵਾਰਕ ਦੌਰੇ ਉੱਤੇ ਗਏ ਇੱਕ ਕੈਨੇਡੀਅਨ ਬੱਚੇ ਦੇ ਬੀਮਾਰੀ ਦੀ ਲਪੇਟ ਵਿਚ ਆਉਣ ਮਗਰੋਂ ਸਾਹਮਣੇ ਆਏ ਹਨ। ਇਸ ਬੱਚੇ ਨੇ ਖਸਰੇ ਦੀ ਦਵਾਈ ਨਹੀਂ ਸੀ ਖਾਧੀ ਹੋਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਟੈਮ ਨੇ ਕਿਹਾ ਕਿ ਕੈਨੇਡਾ ਅੰਦਰ ਖਸਰੇ ਦੀ ਬੀਮਾਰੀ ਲਿਆਂਦੇ ਜਾਣ ਦਾ ਖ਼ਤਰਾ ਹਮੇਸ਼ਾਂ ਬਣਿਆ ਰਹਿੰਦਾ ਹੈ। ਅਸੀਂ 1998 ਵਿਚ ਕੈਨੇਡਾ ਵਿਚੋਂ ਖਸਰੇ ਦੀ ਬੀਮਾਰੀ ਖ਼ਤਮ ਕਰ ਦਿੱਤੀ ਸੀ। ਪਰ ਅਸੀਂ ਵੇਖ ਰਹੇ ਹਾਂ ਕਿ ਜਦੋਂ ਲੋਕ ਦੂਜੇ ਮੁਲਕਾਂ ਅੰਦਰ ਜਾਂਦੇ ਹਨ ਤਾਂ ਉਹ ਉੱਥੋਂ ਇਸ ਬੀਮਾਰੀ ਨੂੰ ਆਪਣੇ ਨਾਲ ਵਾਪਸ ਕੈਨੇਡਾ ਅੰਦਰ ਲੈ ਆਉਂਦੇ ਹਨ। ਉਹਨਾਂ ਕਿਹਾ ਕਿ ਅਜਿਹੇ ਲੋਕ ਜਦੋਂ ਇਸ ਬੀਮਾਰੀ ਨੂੰ ਖਸਰੇ ਦੀ ਦਵਾਈ ਨਾ ਖਾਣ ਵਾਲੇ ਗਰੁੱਪਾਂ ਵਿਚ ਲੈ ਜਾਂਦੇ ਹਨ ਤਾਂ ਇਸ ਨਾਲ ਵਧੇਰੇ ਲੋਕਾਂ ਦੇ ਖਸਰੇ ਦੀ ਲਪੇਟ ਵਿਚ ਆਉਣ ਦੀ ਸੰਭਾਵਨਾ ਵਧ ਜਾਂਦੀ ਹੈ।
ਇਸ ਬੀਮਾਰੀ ਬਾਰੇ ਜਾਣਕਾਰੀ ਦਿੰਦਿਆਂ ਓਂਟਾਰੀਓ ਦੀ ਡਾਕਟਰ ਸਾਰਾਹ ਵਿਲਸਨ ਨੇ ਕਿਹਾ ਕਿ ਖਸਰੇ ਦੀ ਲਾਗ ਹੋਣ ਤੇ ਤੇਜ਼ ਬੁਖਾਰ, ਖਾਂਸੀ, ਛਿੱਕਾਂ ਅਤੇ ਲਾਲ ਅੱਖਾਂ ਹੋ ਜਾਂਦੀਆਂ ਹਨ, ਇਸ ਤੋਂ ਬਾਅਦ ਸਾਰੇ ਸਰੀਰ ਉੱਤੇ ਲਾਲ ਨਿਸ਼ਾਨ ਪੈ ਜਾਂਦੇ ਹਨ। ਇਹ ਨਿਸ਼ਾਨ ਪਹਿਲਾ ਚਿਹਰੇ ਉੱਤੇ ਸ਼ੁਰੂ ਹੁੰਦੇ ਹਨ ਅਤੇ ਫਿਰ ਛਾਤੀ, ਪੇਟ ਅਤੇ ਪਿੱਠ ਵੱਲ ਫੈਲ ਜਾਂਦੇ ਹਨ। ਇਸ ਤੋਂ ਬਾਅਦ ਇਹ ਸਾਰੇ ਸਰੀਰ ਉੱਤੇ ਫੈਲ ਜਾਂਦੇ ਹਨ। ਉਹਨਾਂ ਦੱਸਿਆ ਕਿ ਖਸਰੇ ਨਾਲ ਕੰਨਾਂ ਵਿਚ ਦਰਦ, ਧੁੰਦਲਾ ਦਿਸਣਾ, ਨਮੂਨੀਆ ਅਤੇ ਦਿਮਾਗ ਵਿਚ ਸੋਜ਼ਿਸ਼ ਆਦਿ ਬੀਮਾਰੀਆਂ ਦਾ ਖਤਰਾ ਰਹਿੰਦਾ ਹੈ, ਜਿਸ ਕਰਕੇ ਇਹ ਬੀਮਾਰੀ ਘਾਤਕ ਸਾਬਿਤ ਹੋ ਸਕਦੀ ਹੈ।
ਉਹਨਾਂ ਦੱਸਿਆ ਕਿ ਇਹ ਬਹੁਤ ਤੇਜ਼ੀ ਫੈਲਣ ਵਾਲੀ ਬੀਮਾਰੀ ਹੈ, ਜੋ ਕਿ ਮਰੀਜ਼ ਦੀ ਖਾਂਸੀ ਅਤੇ ਛਿੱਕਾਂ ਦੇ ਜ਼ਰੀਏ ਅੱਗੇ ਫੈਲਦੀ ਹੈ।ਡਾਕਟਰ ਵਿਲਸਨ ਨੇ ਕਿਹਾ ਕਿ ਖਸਰਾ ਦੀ ਲਾਗ ਹਵਾ ਵਿਚੋਂ ਹੁੰਦੀ ਹੈ, ਜਿਸ ਕਰਕੇ ਇਹ ਬੀਮਾਰੀ ਬਹੁਤ ਹੀ ਤੇਜ਼ੀ ਨਾਲ ਫੈਲਦੀ ਹੈ। ਇਸ ਬੀਮਾਰੀ ਦਾ ਵਾਈਰਸ ਹਵਾ ਵਿਚ ਛੱਡੇ ਜਾਣ ਮਗਰੋਂ ਦੋ ਘੰਟੇ ਤਕ ਹਵਾ ਵਿਚ ਜੀਵਤ ਰਹਿ ਸਕਦਾ ਹੈ।

 

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *