ਐਂਡਰਿਓ ਸ਼ੀਅਰ ਵੱਲੋਂ ਕਿਊਬਿਕ ਲਈ ਵਧੇਰੇ ਖੁਦਮੁਖਤਿਆਰੀ ਦਾ ਵਾਅਦਾ


ਮੌਂਟਰੀਅਲ/ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਓ ਸ਼ੀਅਰ ਨੇ ਕਿਹਾ ਹੈ ਕਿ ਜੇਕਰ ਅਕਤੂਬਰ ਦੀਆਂ ਚੋਣਾਂ ਵਿਚ ਫੈਡਰਲ ਕੰਜ਼ਰਵੇਟਿਵਾਂ ਦੀ ਜਿੱਤ ਹੁੰਦੀ ਹੈ ਤਾਂ ਇਮੀਗਰੇਸ਼ਨ ਦੇ ਮਾਮਲੇ ਵਿਚ ਕਿਊਬਿਕ ਨੂੰ ਵਧੇਰੇ ਖੁਦਮੁਖਤਿਆਰੀ ਦਿੱਤੀ ਜਾਵੇਗੀ। ਪਰੰਤੂ ਉਹਨਾਂ ਇਹ ਨਹੀਂ ਦੱਸਿਆ ਕਿ ਕੀ ਉਹ ਇਸ ਨਾਲ ਸਹਿਮਤ ਹਨ ਕਿ ਇਹ ਫੈਸਲਾ ਸਿਰਫ ਕਿਊਬਿਕ ਨੂੰ ਕਰਨਾ ਚਾਹੀਦਾ ਹੈ ਕਿ ਇਸ ਨੇ ਕਿੰਨੇ ਪਰਵਾਸੀਆਂ ਨੂੰ ਸੂਬੇ ਅੰਦਰ ਆਉਣ ਦੀ ਆਗਿਆ ਦੇਣੀ ਹੈ।
ਇੱਥੇ ਦੱਸਣਯੋਗ ਹੈ ਕਿ ਪਿਛਲੇ ਸਾਲ ਦੇ ਸ਼ੁਰੂ ਵਿਚ ਪ੍ਰੀਮੀਅਰ ਫਰਾਂਸਵਾ ਲੈਗਾਲਟ ਨੇ ਚੋਣ ਪ੍ਰਚਾਰ ਦੌਰਾਨ ਕਿਊਬਿਕ ਅੰਦਰ ਸਾਲਾਨਾ ਇਮੀਗਰੇਸ਼ਨ ਆਰਜ਼ੀ ਤੌਰ ਤੇ ਘਟਾਉਣ ਦਾ ਵਾਅਦਾ ਕੀਤਾ ਸੀ। ਪਰੰਤੂ ਨਵੇਂ ਸਾਲ ਦਾ ਵੀ ਇੱਕ ਮਹੀਨਾ ਟੱਪ ਗਿਆ ਹੈ ਅਤੇ ਕੈਨੇਡਾ ਅੰਦਰ ਵੱਧ ਤੋਂ ਵੱਧ ਪਰਵਾਸੀਆਂ ਨੂੰ ਲਿਆਉਣ ਦੀ ਵਕਾਲਤ ਕਰਨ ਵਾਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਜੇ ਤਕ ਨਹੀਂ ਕਿਹਾ ਹੈ ਕਿ ਉਹਨਾਂ ਦੀ ਲਿਬਰਲ ਸਰਕਾਰ ਕਿਊਬਿਕ ਦਾ ਇਹ ਟੀਚਾ ਪੂਰਾ ਕਰਨ ਵਿਚ ਮੱਦਦ ਕਰੇਗੀ।
ਟਰੂਡੋ ਦਾ ਕਹਿਣਾ ਹੈ ਕਿ ਉਹ ਲੈਗਾਲਟ ਨਾਲ ਇਮੀਗਰੇਸ਼ਨ ਬਾਰੇ ਚਰਚਾ ਕਰਨ ਲਈ ਤਿਆਰ ਹਨ, ਪਰੰਤੂ ਉਹਨਾਂ ਦੀ ਇਹ ਪਹਿਲ ਇਹ ਯਕੀਨੀ ਬਣਾਉਣਾ ਹੈ ਕਿ ਕੀ ਕਿਊਬਿਕ ਅੰਦਰ ਲੇਬਰ ਦੀ ਕਮੀ ਨੂੰ ਪੂਰਾ ਕਰਨ ਲਈ ਲੋੜੀਂਦੇ ਵਰਕਰ ਮੌਜੂਦ ਹਨ।
ਮੌਂਟਰੀਅਲ ਵਿਖੇ ਕਿਊਬਿਕ ਵੋਟਰਾਂ ਨੂੰ ਫੁਸਲਾਉਣ ਲਈ ਸ਼ੀਅਰ ਨੇ ਵਾਅਦਾ ਕੀਤਾ ਹੈ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਇਮੀਗਰੇਸ਼ਨ ਸੰਬੰਧੀ ਕਿਊਬਿਕ ਨੂੰ ਵਧੇਰੇ ਖੁਦਮੁਖਤਿਆਰੀ ਮਿਲੇ। ਉਹਨਾਂ ਕਿਹਾ ਕਿ ਟਰੂਡੋ ਕੋਲ ਇਸ ਸੰਬੰਧੀ ਕਾਰਵਾਈ ਕਰਨ ਲਈ ਕਈ ਮਹੀਨੇ ਪਏ ਹਨ। ਮੈਂ ਇਹ ਕਹਿ ਰਿਹਾ ਹਾਂ ਕਿ ਅਕਤੂਬਰ ਆਉਣ ਦਿਓ, ਜਦੋਂ ਮੈਂ ਲੈਗਾਲਟ ਨਾਲ ਬੈਠਾਂਗਾ। ਅਸੀਂ ਸਿਰਫ ਗੱਲਾਂ ਨਹੀਂ, ਸਗੋਂ ਕਾਰਵਾਈ ਕਰਾਂਗੇ।
ਇਸ ਬਾਰੇ ਲੈਗਾਲਟ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਬਹੁਤ ਸਾਰੇ ਪਰਵਾਸੀ ਫਰੈਂਚ ਨਹੀਂ ਸਿੱਖ ਪਾਉਂਦੇ ਜਾਂ ਆਉਣ ਮਗਰੋਂ ਜਲਦੀ ਹੀ ਸੂਬੇ ਤੋਂ ਬਾਹਰ ਚਲੇ ਜਾਂਦੇ ਹਨ। ਪ੍ਰੀਮੀਅਰ ਇਹਨਾਂ ਮੁੱਦਿਆਂ ਨੂੰ ਦੂਰ ਕਰਨ ਲਈ ਪਰਵਾਸੀਆਂ ਦੀ ਗਿਣਤੀ ਘਟਾਉਣਾ ਚਾਹੁੰਦੇ ਹਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *