ਲਿਬਰਲਾਂ ਦਾ ਕਾਰਬਨ ਟੈਕਸ ਕੈਨੇਡਾ ਨੂੰ ਮੰਦਵਾੜੇ ਵੱਲ ਧੱਕ ਦੇਵੇਗਾ: ਡੱਗ ਫੋਰਡ


ਟੋਰਾਂਟੋ/ ਪ੍ਰੀਮੀਅਰ ਡੱਗ ਫੋਰਡ ਨੇ ਓਟਵਾ ਦੀ ਜਲਵਾਯੂ ਤਬਦੀਲੀ ਯੋਜਨਾ ਉੱਤੇ ਤਿੱਖਾ ਹਮਲਾ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਕਾਰਬਨ ਟੈਕਸ ਕੈਨੇਡਾ ਨੂੰ ਮੰਦਵਾੜੇ ਵੱਲ ਧੱਕ ਦੇਵੇਗਾ। ਦੂਜੇ ਪਾਸੇ ਵਿੱਤੀ ਮਾਹਿਰਾਂ ਅਤੇ ਫੈਡਰਲ ਸਰਕਾਰ ਨੇ ਫੋਰਡ ਦੇ ਇਸ ਦਾਅਵੇ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।
ਇਕਨੌਮਿਕ ਕਲੱਬ ਆਫ ਕੈਨੇਡਾ ਵਿਖੇ ਇੱਕ ਤਕਰੀਰ ਦੌਰਾਨ ਓਂਟਾਂਰੀਓ ਪ੍ਰੀਮੀਅਰ ਨੇ ਕਿਹਾ ਕਿ ਆਉਣ ਵਾਲੇ ਵਿੱਤੀ ਸੰਕਟ ਦੇ ਸੰਕੇਤ ਪਹਿਲਾਂ ਹੀ ਮਿਲ ਰਹੇ ਹਨ ਅਤੇ ਕਾਰਬਨ ਟੈਕਸ ਨੌਕਰੀਆਂ ਖ਼ਤਮ ਕਰ ਦੇਵੇਗਾ ਅਤੇ ਉਤਪਾਦਨ ਨੂੰ ਵੱਡੀ ਸੱਟ ਮਾਰੇਗਾ। ਉਹਨਾਂ ਕਿਹਾ ਕਿ ਮੈਂ ਇੱਥੇ ਖਤਰੇ ਦੀ ਘੰਟੀ ਵਜਾਉਣ ਆਇਆ ਹਾਂ ਕਿ ਕਾਰਬਨ ਟੈਕਸ ਨਾਲ ਮੰਦਵਾੜੇ ਦਾ ਖਤਰਾ ਬਿਲਕੁੱਲ ਸੱਚਾ ਹੈ।
ਇੱਥੇ ਦੱਸਣਯੋਗ ਹੈ ਕਿ ਪਿਛਲੀ ਬਸੰਤ ਵਿਚ ਓਂਟਾਂਰੀਓ ਅੰਦਰ ਸੱਤਾ ਵਿਚ ਆਉਣ ਮਗਰੋਂ ਪੀਸੀ ਸਰਕਾਰ ਨੇ ਕੈਪ-ਐਂਡ-ਟਰੇਡ ਸਿਸਟਮ ਨੂੰ ‘ਨਗਦੀ ਲੁੱਟ’ ਕਰਾਰ ਦਿੰਦਿਆਂ ਇਹ ਕਹਿ ਕੇ ਖਤਮ ਕਰ ਦਿੱਤਾ ਹੈ ਕਿ ਇਸ ਨਾਲ ਵਾਤਾਵਰਣ ਸੰਭਾਲ ਵਿਚ ਕੋਈ ਮੱਦਦ ਨਹੀਂ ਹੋਵੇਗੀ। ਉਸ ਸਮੇ ਤੋਂ ਹੀ ਓਟਵਾ ਦੇ ਕਾਰਬਨ ਪ੍ਰਾਈਸਿੰਗ ਪਲੈਨ ਨੂੰ ਕਾਨੂੰਨੀ ਚੁਣੌਤੀ ਦੇ ਦਿੱਤੀ ਹੈ।
1 ਅਪ੍ਰੈਲ ਤੋਂ ਲਾਗੂ ਹੋਣ ਵਾਲਾ ਫੈਡਰਲ ਕਾਰਬਨ ਟੈਕਸ ਓਂਟਾਂਰੀਓ, ਸਸਕੈਚਵਨ, ਮਨੀਟੋਬਾ ਅਤੇ ਨਿਊ ਬਰੂਨਸਵਿਕ ਉੱਤੇ ਅਸਰ ਪਾਵੇਗਾ, ਜਿਹਨਾਂ ਨੇ ਆਪਣੀ ਖੁਦ ਦੀ ਕਾਰਬਨ ਪ੍ਰਾਈਸਿੰਗ ਯੋਜਨਾ ਤਿਆਰ ਨਹੀਂ ਕੀਤੀ ਹੈ।
ਆਪਣੀ ਸਰਕਾਰ ਵੱਲੋਂ ਪਿਛਲੇ ਸਾਲ ਲਾਗੂ ਕੀਤੀ ਨਵੀਂ ਜਲਵਾਯੂ ਤਬਦੀਲੀ ਯੋਜਨਾ ਵੱਲ ਇਸ਼ਾਰਾ ਕਰਦਿਆਂ ਫੋਰਡ ਨੇ ਕਿਹਾ ਕਿ ਆਪਣੇ ਗੈਸਾਂ ਦੀ ਨਿਕਾਸੀ ਘਟਾਉਣ ਦੇ ਟੀਚੇ ਪੂਰੇ ਕਰਨ ਲਈ ਓਂਟਾਂਰੀਓ ਨੂੰ ਕਾਰਬਨ ਟੈਕਸ ਦੀ ਲੋੜ ਨਹੀਂ ਹੈ।
ਇਸ ਯੋਜਨਾ ਤਹਿਤ ਕਲੀਨ ਟੈਕਨਾਲੌਜੀ ਅੰਦਰ ਨਿੱਜੀ ਨਿਵੇਸ਼ ਨੂੰ ਹੁਲਾਰਾ ਦੇਣ ਅਤੇ ਵੱਧ ਨਿਕਾਸੀ ਕਰਨ ਵਾਲਿਆਂ ਲਈ ਇੱਕ ਮਾਪਦੰਡ ਤੈਅ ਕਰਨ ਵਾਸਤੇ ਓਂਟਾਂਰੀਓ ਟੈਕਸ ਕਰਦਾਤਾਵਾਂ ਦੇ ਪੈਸੇ ਦੀ ਵਰਤੋਂ ਕਰੇਗਾ। ਅਗਲੇ ਚਾਰ ਸਾਲਾਂ ਦੌਰਾਨ ਸੂਬੇ ਵੱਲੋਂ ਓਂਟਾਂਰੀਓ ਕਾਰਬਨ ਟਰੱਸਟ ਨਾਂ ਦੇ ਫੰਡ ਵਾਸਤੇ 400 ਮਿਲੀਅਨ ਡਾਲਰ ਖਰਚੇ ਜਾਣਗੇ, ਜਿਸ ਦਾ ਉਦੇਸ਼ ਨਿੱਜੀ ਕੰਪਨੀਆਂ ਨੂੰ ਉਹਨਾਂ ਪ੍ਰਾਜੈਕਟਾਂ ਵਿਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਨਾ ਹੈ, ਜਿਹੜੇ ਗਰੀਨਹਾਊਸ ਗੈਸਾਂ ਦੀ ਨਿਕਾਸੀ ਘਟਾਉਂਦੇ ਹਨ।
ਫੋਰਡ ਨੇ ਕਿਹਾ ਕਿ ਕਾਰਬਨ ਟੈਕਸ ਸਿਰਫ ਸਾਡੇ ਸੂਬੇ ਲਈ ਨਹੀਂ, ਸਗੋਂ ਪੂਰੇ ਮੁਲਕ ਲਈ ਇੱਕ ਆਰਥਿਕ ਤਬਾਹੀ ਸਾਬਿਤ ਹੋਵੇਗਾ।
ਦੂਜੇ ਪਾਸੇ ਫੈਡਰਲ ਸਰਕਾਰ ਦੇ ਬੁਲਾਰੇ ਦਾ ਕਹਿਣਾ ਹੈ ਕਿ ਸਰਕਾਰ ਦੀ ਇਸ ਯੋਜਨਾ ਨਾਲ ਗਰੀਨਹਾਊਸ ਗੈਸਾਂ ਦੀ ਨਿਕਾਸੀ ਘਟੇਗੀ ਅਤੇ ਅਰਥ ਵਿਵਸਥਾ ਨੂੰ ਹੁਲਾਰਾ ਮਿਲੇਗਾ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *