ਬਰੈਂਪਟਨ ਨੇ ਭੰਗ ਦੇ ਨਿੱਜੀ ਰਿਟੇਲ ਸਟੋਰ ਖੋਲ੍ਹਣ ਲਈ ਪ੍ਰਵਾਨਗੀ ਦਿੱਤੀ


ਬਰੈਂਪਟਨ/ਕਈ ਹਫਤਿਆਂ ਦੀ ਵਿਚਾਰ ਚਰਚਾ ਤੋਂ ਬਾਅਦ ਬਰੈਂਪਟਨ ਸਿਟੀ ਕੌਂਸਲ ਨੇ ਬੀਤੇ ਦਿਨੀ ਬਰੈਂਪਟਨ ਵਿਚ ਭੰਗ ਦੇ ਨਿੱਜੀ ਰਿਟੇਲ ਸਟੋਰ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਭੰਗ ਦੇ ਨਿੱਜੀ ਰਿਟੇਲ ਸਟੋਰਾਂ ਨੂੰ ਲਾਇਸੰਸ ਦੇਣ, ਲਾਇਸੰਸ ਰਿਨਿਊ ਕਰਨ ਅਤੇ ਹੋਰ ਪ੍ਰਬੰਧਕੀ ਕੰਮਾਂ ਦਾ ਕਾਰਜਭਾਰ ਦ ਅਲਕੋਹਲ ਐਂਡ ਗੇਮਿੰਗ ਕਮਿਸ਼ਨ ਆਫ ਓਂਟਾਰਿਓ (ਏਜੀਸੀਓ)ਵੱਲੋਂ ਸੰਭਾਲਿਆ ਜਾਵੇਗਾ। ਬਰੈਂਪਟਨ ਅੰਦਰ ਅਜਿਹੇ ਸਟੋਰ 1 ਅਪ੍ਰੈਲ 2019 ਤੋਂ ਹੀ ਖੁੱਲ੍ਹ ਸਕਣਗੇ।
ਅਕਤੂਬਰ 2018 ਵਿਚ ਭੰਗ ਨੂੰ ਕਾਨੂੰਨੀ ਮਾਨਤਾ ਦਿੱਤੇ ਜਾਣ ਮਗਰੋਂ ਉਹਨਾਂ ਇਲਾਕਿਆਂ ਵਿਚ ਭੰਗ ਪੀਣ ਦੀ ਆਗਿਆ ਦਿੱਤੀ ਗਈ ਹੈ, ਜਿੱਥੇ ਤੰਬਾਕੂ ਦੀ ਵਰਤੋਂ ਦੀ ਇਜਾਜ਼ਤ ਹੈ। ਭੰਗ ਦੀ ਵਰਤੋਂ ਸੰਬੰਧੀ ਨਿਯਮ ਲਾਗੂ ਕਰਨ ਲਈ ਸਿਟੀ ਕੌਂਸਲ ਪੀਲ ਰੀਜ਼ਨਲ ਪੁਲਿਸ ਅਤੇ ਪੀਲ ਪਬਲਿਕ ਹੈਲਥ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੇਗੀ।
ਇੱਥੇ ਦੱਸਣਯੋਗ ਹੈ ਕਿ ਭੰਗ ਦੇ ਨਿੱਜੀ ਵਿਕਰੇਤਾਵਾਂ ਨੂੰ ਲਾਇਸੰਸ ਦੇਣ ਦਾ ਕੰਮ ਏਜੀਸੀਓ ਵੱਲੋਂ ਕੀਤਾ ਜਾਵੇਗਾ। ਓਂਟਾਂਰੀਓ ਸੂਬੇ ਨੇ ਦਸੰਬਰ 2018 ਵਿਚ ਐਲਾਨ ਕੀਤਾ ਸੀ ਕਿ ਓਂਟਾਂਰੀਓ ਵਿਚ ਭੰਗ ਦੇ ਸਟੋਰਾਂ ਵਾਸਤੇ 25 ਲਾਇਸੰਸ ਜਾਰੀ ਕੀਤੇ ਜਾਣਗੇ ਅਤੇ ਜੀਟੀਏ ਰੀਜ਼ਨ (ਦੁਰਹਮ, ਯੌਰਕ, ਪੀਲ, ਹਾਲਟਨ) ਵਿਚ ਵੱਧ ਤੋਂ ਵੱਧ 6 ਰਿਟੇਲ ਸਟੋਰ ਹੋਣਗੇ। ਭੰਗ ਦੇ ਰਿਟੇਲ ਵਿਕਰੇਤਾ 19 ਸਾਲ ਤੋਂ ਘੱਟ ਉਮਰ ਵਾਲੇ ਕਿਸੇ ਵਿਅਕਤੀ ਨੂੰ ਆਪਣੇ ਸਟੋਰ ਅੰਦਰ ਆਉਣ ਦੀ ਆਗਿਆ ਨਹੀਂ ਦੇਣਗੇ।
ਇਸ ਤੋਂ ਇਲਾਵਾ ਭੰਗ ਦੇ ਇਹ ਰਿਟੇਲ ਸਟੋਰ ਸਕੂਲਾਂ ਤੋਂ ਘੱਟੋ ਘੱਟ 150 ਮੀਟਰ ਦੇ ਫਾਸਲੇ ਉੱਤੇ ਹੋਣਗੇ। ਇਹ ਸਟੋਰ ਕਿੱਥੇ ਕਿੱਥੇ ਖੋਲ੍ਹੇ ਜਾ ਸਕਦੇ ਹਨ, ਇਸ ਬਾਰੇ ਸਿਟੀ ਦੀ ਵੈਬਸਾਇਟ ਉੱਤੇ ਨਕਸ਼ਾ ਮੌਜੂਦ ਹੈ।
ਕਿਸੇ ਪ੍ਰਸਤਾਵਿਤ ਸਟੋਰ ਦੀ ਲੋਕੇਸ਼ਨ ਬਾਰੇ ਏਜੀਸੀਓ ਵੱਲੋਂ ਇੱਕ 15 ਰੋਜ਼ਾ ਜਨਤਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ, ਜਿਸ ਦੌਰਾਨ ਏਜੀਸੀਓ ਨੂੰ ਉਸ ਸਟੋਰ ਬਾਰੇ ਲੋਕਾਂ ਦੀ ਰਾਇ ਲੈਣ ਦਾ ਮੌਕਾ ਮਿਲੇਗਾ। ਇਹਨਾਂ ਪ੍ਰਸਤਾਵਿਤ ਸਟੋਰਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਏਜੀਸੀਓ ਦੀ ਵੈਬਸਾਇਟ ਉੱਤੇ ਪਾਈ ਜਾਵੇਗੀ। ਏਜੀਸੀਓ ਰਜਿਸਟਰਾਰ ਕਿਸੇ ਸਟੋਰ ਨੂੰ ਮਾਨਤਾ ਦੇਣ ਤੋਂ ਇਨਕਾਰ ਵੀ ਕਰ ਸਕਦਾ ਹੈ, ਜੇਕਰ ਅਜਿਹਾ ਕਰਨਾ ਆਮ ਜਨਤਾ ਦੇ ਹਿੱਤ ਵਿਚ ਹੈ।
ਇਸ ਤੋਂ ਇਲਾਵਾ ਭੰਗ ਦੀ ਵੇਚ-ਖਰੀਦ ਸੰਬੰਧੀ ਕੁੱਝ ਨਿਯਮ ਤੈਅ ਕੀਤੇ ਗਏ ਹਨ, ਜਿਹਨਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਅਤੇ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ। ਕੋਈ ਵੀ ਵਿਕਰੇਤਾ 19 ਸਾਲ ਤੋ ਘੱਟ ਉਮਰ ਦੇ ਵਿਅਕਤੀ ਨੂੰ ਭੰਗ ਨਹੀਂ ਵੇਚੇਗਾ।ਕੋਈ ਵਿਕਰੇਤਾ ਅਜਿਹੇ ਵਿਅਕਤੀ ਨੂੰ ਭੰਗ ਨਹੀਂ ਵੇਚੇਗਾ, ਜੋ ਪਹਿਲਾਂ ਹੀ ਨਸ਼ੇ ਵਿਚ ਜਾਪਦਾ ਹੋਵੇ। ਕੋਈ ਵੀ ਵਿਕਰੇਤਾ ਮਾਨਤਾ-ਪ੍ਰਾਪਤ ਰਿਟੇਲ ਵਿਕਰੇਤਾ ਤੋਂ ਇਲਾਵਾ ਕਿਸੇ ਨੂੰ ਭੰਗ ਨਹੀਂ ਵੇਚੇਗਾ।
ਇਸ ਤੋਂ ਇਲਾਵਾ ਕੋਈ ਵੀ ਖਰੀਦਦਾਰ ਕਿਸੇ ਮਾਨਤਾ-ਪ੍ਰਾਪਤ ਡੀਲਰ ਤੋਂ ਇਲਾਵਾ ਕਿਸੇ ਕੋਲੋਂ ਭੰਗ ਨਹੀਂ ਖਰੀਦੇਗਾ। 19 ਸਾਲ ਤੋਂ ਘੱਟ ਉਮਰ ਦਾ ਵਿਅਕਤੀ ਭੰਗ ਖਾਣ, ਖਰੀਦਣ ਅਤੇ ਵੇਚਣ ਦੀ ਕੋਸ਼ਿਸ਼ ਨਹੀਂ ਕਰੇਗਾ। ਇੱਕ ਵਿਅਕਤੀ ਸਿਰਫ 30 ਗਰਾਮ ਸੁੱਕੀ ਭੰਗ ਆਪਣੇ ਕੋਲ ਰੱਖ ਸਕਦਾ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *